ਗ਼ਜ਼ਲ / ਸਤਵੰਤ ਕਾਲਕਟ (ਅਹਿਸਾਸ ).
ਹਿੰਮਤ ਮੰਜਿਲਾਂ ਸਰ ਕਰ ਲੈਂਦੀ ਝੁੱਲਦਾ ਝੱਖੜ ਲੱਖ ਰਹੇ
ਬਾਝ ਹੌਸਲੇ ਢੇਰੀ ਢਹਿੰਦੀ ਹੋਰ ਨਾ ਪੱਲੇ ਕੱਖ ਰਹੇ
ਐਸ਼ ਆਰਾਮ ਕਿਸੇ ਨੇ ਚਾਹੇ ਕਿਸੇ ਨੇ ਮੰਗਿਆ ਦਿਲ ਦਾ ਚੈਨ
ਚੁਣ ਇਖਲਾਕ਼ ਦੀ ਦੌਲਤ ਆਪਾਂ ਲੋਕਾਂ ਤੋਂ ਕੁਝ ਵੱਖ ਰਹੇ
ਮ੍ਰਿਗ ਤ੍ਰਿਸ਼ਨਾ ਕਹਿੰਦੇ ਜੀਵਨ ਨੂੰ ਕਦੇ ਆਖਦੇ ਹੈ ਮਿਥਿਆ
ਕੀ ਪ੍ਰਮਾਣ ਦੀ ਲੋੜ ਸਾਹਮਣੇ ਹਰ ਵੇਲੇ ਪ੍ਰਤੱਖ ਰਹੇ
ਖਾਲੀਪਨ ਜੀਵਨ ‘ਚੋਂ ਕਢਣ ਲਈ ਉਨ੍ਹਾਂ ਸੂਤਰ ਘੜਿਆ
ਦਿਲ ਭਰਿਆ ਸਾਡਾ ਤੇਰੇ ਤੋਂ ਭਰੀ ਤੇਰੀ ਵੀ ਅੱਖ ਰਹੇ
ਖੁਸ਼ ਕਰ ਦੇ ਮਕ਼ਤੂਲ ਦਾ ਟੱਬਰ ਦੇ ਮੁਆਵਜ਼ਾ ਸਰਕਾਰੀ
ਕ਼ਾਤਿਲ ਬਰੀ ਸਬੂਤ ਖੁਣੋਂ ਇਹ ਜਾਂਚ ਜ਼ਰਾ ਨਿਰਪੱਖ ਰਹੇ
ਦੁਖ ਤਕਲੀਫਾਂ ਲੈ ਹੱਥ ਲਾਂਬੂ ਤਾਉਂਦੇ ਰਹੇ ਜਿੰਦਗੀ ਭਰ
ਪਰ ‘ਅਹਿਸਾਸ’ ਹਰੇਕ ਮੁਸੀਬਤ ਵਿਚ ਵੀ ਠੰਢੇ ਯੱਖ ਰਹੇ
