ਜੀਵ ਅਤੇ ਨਿਰਜੀਵ …...

ਜੀਵ ਤੇ ਨਿਰਜੀਵ ਕੀ ਸ਼ੈਆਂ ਨੇ, ਜਾਣਨਾ  ਇਹ ਜਰੂਰੀ ਹੈ


ਇਨ੍ਹਾਂ ਦੋਹਾਂ ਦੇ ਨਾਲ ਹੀ ਤਾਂ, ਇਹ ਸਾਰੀ ਕੁਦਰਤ ਪੂਰੀ ਹੈ।

ਚੱਕਰ ਵਿੱਚ ਬੰਦਾ ਫਸ ਜਾਂਦਾ, ਜੇ ਕੁਦਰਤ ਤੋਂ ਮੂੰਹ ਮੋੜ ਲਵੇ

ਉਥਲ ਪੁਥਲ ਫਿਰ ਹੋਏ ਬੇਕਾਬੂ, ਜੇ ਕੁਦਰਤ ਰਿਸ਼ਤਾ ਤੋੜ ਲਵੇ।

ਜੀਵ ਨਿਰਜੀਵ ਦੋਹੀਂ ਕਾਰ ਚਲਾਉਂਦੇ, ਜਦੋਂ ਤੋਂ ਦੁਨੀਆਂ ਚੱਲੀ ਹੈ

ਇਹ ਸਾਰੀ ਦੁਨੀਆ ਚੱਲਦੀ ਹੈ, ਜੇ ਰੱਬ ਦੀ ਨਿਗਾਹ ਸਵੱਲੀ ਹੈ॥



ਬਣਿਆਂ ਫਿਰੇ ਸਿਆਣਾ ਬੰਦਾ, ਨਾ ਸਬਰ ਤੇ ਨਾ ਹੀ ਸਬੂਰੀ ਹੈ

ਸੱਪ, ਚਮਗਾਦੜ ਤਕ ਨਹੀਂ ਛੱਡੇ, ਪਤਾ ਨਹੀਂ ਕੀ ਮਜ਼ਬੂਰੀ ਹੈ।

ਇਹ ਬੰਦੇ ਕੀ ਕਾਰਾ ਕੀਤਾ, ਜੀਵ ਨਿਰਜੀਵ ਝਟਕਾਅ ਛੱਡਿਆ

ਕੁਦਰਤ ਦੇ ਰੋਸੇ ਨੇ ਫਿਰ, ਵਿਸ਼ਾਣੂ ਦਾ ਕਹਿਰ ਵਰਤਾਅ ਛੱਡਿਆ।

�"ਹੜ ਪੋਹੜ ਫਿਰ ਕੁਝ ਨਹੀਂ ਕਰਦਾ, ਬੰਦੇ ਦੀ ਝੱਲ੍ਹ-ਵਲੱਲ੍ਹੀ ਹੈ

ਇਹ ਸਾਰੀ ਦੁਨੀਆ ਚੱਲਦੀ ਹੈ, ਜੇ ਰੱਬ ਦੀ ਨਿਗਾਹ ਸਵੱਲੀ ਹੈ॥



ਪਾਣੀ,ਹਵਾ, ਨਹਿਰਾਂ, ਸਾਗਰ, ਜੀਅ, ਜੰਤ ਤੇ ਪੰਛੀ ਪਿਆਰੇ

ਸਹਿਮੇ ਬੰਦਿਆਂ ਨੂੰ ਬੰਦ ਤੱਕ ਕੇ, ਹੋ ਹੈਰਾਨ ਉਹ ਪੁਛੱਣ ਸਾਰੇ।

ਤ੍ਰਾਹੀ ਤ੍ਰਾਹੀ ਦੁਨੀਆ ਕਰਦੀ, ਕਰੋਨਾ ਤੋਂ ਬਚਣ ਦੇ ਹੀਲੇ ਘੜ੍ਹਦੀ

ਆਪਣਿਆਂ ਤੋਂ ਦੂਰ ਹੈ ਰਹਿੰਦੀ, ਡਰਦੀ ਮਾਰੀ ਘਰ ਅੰਦਰ ਵੜਦੀ।

ਕੰਨ ਖੋਹਲ ਕੇ ਸੁਣ ਉਏ ਬੰਦਿਆ, ਵੱਜੀ ਇਹ ਖਤਰੇ ਦੀ ਟੱਲੀ ਹੈ

ਇਹ ਸਾਰੀ ਦੁਨੀਆ ਚੱਲਦੀ ਹੈ, ਜੇ ਰੱਬ ਦੀ ਨਿਗਾਹ ਸਵੱਲੀ ਹੈ॥



ਨਿਰਜੀਵ ਕਹਾਉਂਦੇ 'ਵਿਸ਼ਾਣੂ'  ਦੁਨੀਆਂ ਤੇ ਭੜਥੂ ਪਾ ਛੱਡਿਆ

ਸਾਰੀ ਦੁਨੀਆਂ ਦੇ ਮੁਲਕਾਂ ਵਿੱਚ  ਹਰ ਥਾਂ ਕਰਫਿਊ ਲਾ ਛੱਡਿਆ।

ਬੰਦਾ ਜੇ ਕਰਦਾ ਰਿਹਾ ਫਿਰ ਵੀ ਜੀਵਾਂ ਉੱਪਰ ਅੱਤਿਆਚਾਰ

ਪਤਾ ਨਹੀਂ ਫਿਰ ਕਿਸ ਤਰਾਂ ਕੁਦਰਤ ਕਰੂ ਬਦਲੇ ਦੀ ਮਾਰ।

ਨਿਰਜੀਵਾਂ, ਜੀਵਾਂ ਸਭਨਾਂ ਨੇ ਸਮਤੋਲ ਲਈ ਆਪਣੀ ਥਾਂ ਮੱਲੀ ਹੈ  

ਇਹ ਸਾਰੀ ਦੁਨੀਆ ਚੱਲਦੀ ਹੈ, ਜੇ ਰੱਬ ਦੀ ਨਿਗਾਹ ਸਵੱਲੀ ਹੈ॥



ਬੰਦਿਆਂ ਨੂੰ ਇਹ ਮਾਰ ਮੁਕਾਵੇ, ਜੋ ਇਹ ਵਿਸ਼ਾਣੂ ਨਿੱਕਾ ਹੈ

ਫੇਲ੍ਹ ਹੋ ਗਏ ਗਿਆਨ, ਵਿਗਿਆਨ, ਲੱਗਿਆ ਕਾਲਾ ਟਿੱਕਾ ਹੈ।

ਨਾ ਕੋਈ ਟੀਕਾ, ਨਾ ਕੋਈ ਵੈਕਸੀਨ, ਰੱਬ ਅੱਗੇ ਹੁਣ ਹੈ ਅਰਜੋਈ

ਬੰਦਾ ਜੇ ਹੁਣ ਬਣ ਜਾਊ ਬੰਦਾ, ਤਾਂ ਫਿਰ ਰੱਖੂ ਰਾਖਾ ਸੋਈ।

'ਕਿਸੇ ਜੀਵ ਨੂੰ ਦੁੱਖ ਨਾ ਦੇਣਾ' ਸਦੀਆਂ ਤੋਂ ਇਹ ਰੀਤ ਚੱਲੀ ਹੈ

ਇਹ ਸਾਰੀ ਦੁਨੀਆ ਚੱਲਦੀ ਹੈ, ਜੇ ਰੱਬ ਦੀ ਨਿਗਾਹ ਸਵੱਲੀ ਹੈ॥



                          -ਡਾ. ਜਗਤਾਰ ਸਿੰਘ ਧੀਮਾਨ

                          (ਰਜਿਸਟਰਾਰ, ਸੀ ਟੀ ਯੂਨੀਵਰਸਿਟੀ, ਲੁਧਿਆਣਾ)