ਫੁੱਲ .

 


ਫੁੱਲ ਫੱਬਦੇ ਨੇ ਅਕਸਰ ਹਵਾ 'ਚ ਝੂਮਦੇ ਹੋਏ 

ਬਿਲਕੁਲ ਕਿਸੇ ਮੁਟਿਆਰ ਦੇ ਝੁਮਕਿਆਂ ਦੇ ਵਾਂਗ 

ਵੰਡਦੇ ਨੇ ਮਹਿਕਾਂ, ਸੁਗੰਧੀਆਂ 

ਬੰਨ੍ਹਦੇ ਨੇ ਇਤਰਾਂ ਦਾ ਮੁੱਢ 

ਦਿੰਦੇ ਨੇ ਤਿਤਲੀਆਂ ਨੂੰ, ਮੱਖੀਆਂ ਨੂੰ ਜੀਣ ਦਾ ਆਹਰ 

ਖਾਣ ਨੂੰ ਰਿਜ਼ਕ 

ਸੋਹਣੇ ਲਗਦੇ ਨੇ, ਅੱਖੀਆਂ ਨੂੰ ਦਿੰਦੇ ਨੇ ਚਮਕ 

ਕਦੇ ਨੂਰਾਨੀ, ਮਹਿਬੂਬ ਦੇ ਹੱਥਾਂ 'ਚ ਹੁੰਦੇ ਨੇ ਜਦ 

ਕਦੇ ਰੂਹਾਨੀ, ਮੁਰਸ਼ਦ ਦੀ ਉਸਤਤ 'ਚ ਚੜਦੇ ਨੇ ਜਦ 

ਰੰਗ-ਬਿਰੰਗੇ, ਅੱਡ-ਅੱਡ ਢੰਗੇ 

ਚਿਹਰੇ ਦੀ ਖੁਸ਼ੀ ਦੀ ਬਣਦੇ ਨੇ ਵਜਾਹ 

ਮਗਰ ਸੱਚ ਕਿਹਾ ਜਾਵੇ ਤਾਂ ਇਹ ਖਿੜੇ ਹੀ ਫੱਬਦੇ ਨੇ 

ਮੁਰਝਾਏ ਫੁੱਲਾਂ ਦਾ ਕੀ ਰੰਗ, ਕੀ ਬਾਸ ?

ਖ਼ੈਰ ਇਹ ਵੀ ਸਹੀ ਆ ਕਿ ਪਰੋਏ ਜਾਂਦੇ ਨੇ ਜਦ ਧਾਗੇ ਕਿਸੇ 'ਚ

ਤਾਂ ਚਾਹਤ ਤਾਂ ਹੁੰਦੀ ਆ ਤੇਰੇ-ਮੇਰੇ ਦਿਲ 'ਚ 

ਕਿ ਇਕ ਹਾਰ ਤਾਂ ਬਣਦਾ...

ਗੱਲ ਵੱਖਰੀ ਆ ਫੇਰ ਉਹ ਵਿਆਹ ਦਾ ਹੋਵੇ ਜਾਂ ਸੁਆਗਤ ਦਾ....

ਸਾਡੀ ਚੜਦੀ ਤੋਂ ਢਲਦੀ ਉਮਰ ਤੱਕ, ਨਿਭਦੇ ਨੇ ਇਹ 

ਕਿਸੇ ਖਾਸ ਕਰੀਬੀ ਦੋਸਤ ਵਾਂਗ

ਖੇੜੇਆਂ ਦੇ ਹਾਣੀ ਨੇ ਇਹ, 

ਬਰਕਤਾਂ 'ਚ ਅਕਸਰ ਨਾਲ ਨਾਲ ਹੁੰਦੇ 

ਜਾਣ-ਅਣਜਾਣ, ਇਕ ਗੱਲ ਤਾਂ ਸਿੱਖਾਉਂਦੇ ਨੇ 

ਕਿਸੇ ਕੀਮਤੀ ਗਹਿਣੇ ਜਹੀ 

ਕਿ ਖਿੜਦੇ ਨੇ ਹੋਲੀ-ਹੋਲੀ ਰੁੱਤ ਨਾਲ, ਸਮੇਂ ਨਾਲ, ਮੋਸਮਾਂ ਦੇ ਨਾਲ 

ਤੇ ਜੇ ਕੋਈ ਕਰੇ ਮਨ ਦੀ,

ਸਮੇਂ ਤੋਂ ਅੱਗੇ ਹੋਕੇ ਬਲ ਵਰਤੇ, ਛਲ ਵਰਤੇ, ਅੱਜ ਵਰਤੇ, ਕਲ ਵਰਤੇ

ਤਾਂ ਮਿਲਦੀ ਨਾ ਫੇਰ ਪੰਖੜੀਆਂ ਦੀ ਮੁਸਕਾਨ

ਬੇਜਾਨ ਜਿਆ ਟੋਟਾ ਹੋਕੇ ਬਸ ਰਹਿ ਜਾਂਦੀ ਆ ਕੁਦਰਤ 

ਬਾਕੀ ਮੇਰਾ ਤੇ ਫੁੱਲਾਂ ਦਾ ਰਿਸ਼ਤਾ

ਜੇ ਪੁੱਛਣਾ ਤਾਂ ਮੇਰੀ ਔਲਾਦ ਤੋਂ ਪੁਛਣਾ

ਉਮੀਦ ਆ ਖੋਰੇ ਮੇਰੇ ਫੁੱਲ ਓਹੀ ਤਾਰੂਗਾ 

ਹਾਂ ਸੱਚ ਇੱਕ ਕਿੱਸਾ ਫੁੱਲ ਦਾ ਹਾਲੇ ਦੱਬਿਆ ਮੇਰੀ ਕਿਤਾਬ 'ਚ 

ਚਲੋ ਉਹਦੇ ਬਾਰੇ ਫੇਰ ਗੱਲ ਕਰਦੇ ਆਂ ਕਦੀ


                                                      -ਗੁੰਗੜੀ