ਮਹਿਕਣਾ ਫੁੱਲਾਂ ਤੋਂ ਸਿੱਖ .
ਸਿੱਖ ਮਹਿਕਣਾ ਫੁੱਲਾਂ ਕੋਲੋਂ ਤੂੰ
ਖਿੜਿਆ ਕਰ ਤੇ ਹੱਸਿਆ ਕਰ।
ਮਹਿਕਾਂ ਵੰਡਣਾ ਵੀ ਸਿੱਖ ਲੈ,
ਜੱਗ ਮਹਿਕੇ,ਸਭ ਨੂੰ ਦੱਸਿਆ ਕਰ।
ਫੁੱਲਾਂ ਤੋਂ ਲੈ ਇਲਮ ਜ਼ਰਾ,
ਤੇ ਜੀਵਨ ਜਾਚ ਤਰੀਕਾ ਵੀ।
ਬੜਾ ਕੁੱਝ ਦੱਸਦੇ ਆਪੇ ਵਿੱਚ,
ਸਾਨੂੰ ਚੱਜ ਅਤੇ ਸਲੀਕਾ ਵੀ।
ਮੁਨਿਆਦ ਨਾ ਖੇੜੇ ਦੀ ਜ਼ਿਆਦਾ,
ਇਹ ਥੋੜ੍ਹਾ ਚਿਰ ਹੀ ਰਹਿੰਦਾ ਏ।
ਇੱਕ ਖਿੜਿਆ,ਦੂਜਾ ਮੁਰਝਾਇਆ,
ਇਹ ਆਉਣਾ ਜਾਣਾ ਰਹਿੰਦਾ ਏ।
ਅੱਜ ਡਾਲੀ ਤੇ ਜੇ ਟਹਿਕ ਰਿਹਾ,
ਟੁੱਟ ਮਿੱਟੀ ਵੀ ਹੋ ਜਾਣਾ ਏ।
ਮਹਿਕਾਂ ਨਾਲ ਖਿੱਚੇਂ ਸਭ ਨੂੰ,
ਕਿਸੇ ਪਲ ਵਿੱਚ ਤੋੜ ਲਿਜਾਣਾ ਏ।
ਤੂੰ ਖਿੜੇਂ ਬਹਾਰਾਂ ਆਉਣਗੀਆਂ,
ਜੇ ਮੁਰਝਾਏਂ ਰੁੱਤ ਖਿਜ਼ਾਵਾਂ ਦੀ।
'ਗੁਰਵੀਰ' ਫੁੱਲਾਂ ਵਾਂਗ ਵਧਾ ਸ਼ੋਭਾ,
ਜ਼ਿੰਦਗੀ ਆਪਣੀ ਦਿਆਂ ਰਾਹਾਂ ਦੀ।
- ਗੁਰਵੀਰ ਸਿਆਣ