ਗੀਤ / ਸਤਵੰਤ ਕਾਲਕਟ (ਅਹਿਸਾਸ).
ਮਿੱਠਾ ਮਿੱਠਾ ਹੱਸ ਕੇ ਜਦੋਂ ਤੂੰ ਬੋਲਦਾ
ਸ਼ਹਿਦ ਜਿਹਾ ਜਾਪੇ ਕੰਨਾ ਵਿੱਚ ਘੋਲਦਾ
ਕਢ ਕੇ ਕਲੇਜਾ ਹੱਸ ਕੇ ਲਿਜਾਇਆ ਕਰ
ਪਰ ਤਲਖੀ ਨਾ ਸੋਹਣਿਆ ਦਿਖਾਇਆ ਕਰ
ਰੋਅਬ ਨਾਲ ਬੱਸ ਮੱਲਾਂ ਮੱਲ ਹੁੰਦੀਆਂ
ਪਿਆਰ ਨਾਲ ਮੁਸ਼ਕਿਲਾਂ ਹੱਲ ਹੁੰਦੀਆਂ
ਜਬਰੀ ਨਾ ਗੱਲ ਆਪਣੀ ਮਨਾਇਆ ਕਰ
ਬੱਸ ਤਲਖੀ ਨਾ ਸੋਹਣਿਆਂ ਦਿਖਾਇਆ ਕਰ
ਰਹੀ ਨਾ ਸਰੀਰ ਵਿਚ ਭੋਰਾ ਸੱਤਿਆ
ਘੂਰ ਕੇ ਜਦੋਂ ਦਾ ਸਾਡੇ ਵੱਲ ਤੱਕਿਆ
ਸਾਹ ਸਾਡਾ ਗੁੱਸੇ ਨਾਲ ਨਾ ਸੁਕਾਇਆ ਕਰ
ਇੰਝ ਤਲਖੀ ਨਾ ਬੱਲਿਆ ਦਿਖਾਇਆ ਕਰ
ਰੱਬ ਜਿੰਨਾ ਜੀਹਦਾ ਅਸੀਂ ਮਾਣ ਕਰੀਏ
ਤੱਤਾ ਹੁੰਦਾ ਦੇਖ ਦੱਸ ਕਿਵੇਂ ਜਰੀਏ
ਮੁੱਲ ਕੁਝ ਸਾਡੇ ਹੰਝੂਆਂ ਦਾ ਪਾਇਆ ਕਰ
ਬੱਸ ਤਲਖੀ ਨਾ ਹੀਰਿਆ ਦਿਖਾਇਆ ਕਰ
ਕਰ ਦਿੱਤੀ ਜਦ ਤੇਰੇ ਨਾਮ ਜਿੰਦਗੀ
ਮਾਰ ਚਾਹੇ ਰੱਖ ਹੁਣ ਤੇਰੀ ਮਰਜ਼ੀ
ਕੁਝ 'ਅਹਿਸਾਸ' ਇਹਨੂੰ ਸਮਝਾਇਆ ਕਰ
ਤਲਖ਼ੀ ਨਾ ਇੰਝ ਮੱਖਣਾ ਦਿਖਾਇਆ ਕਰ