ਫੁੱਲਾਂ ਵਰਗਾ ਬਣਨਾ ਸਿੱਖੀਏ….

 

ਸ਼ਹਿਬਰ ਲੱਗੀ ਵਿੱਚ ਬਗੀਚੀਂ, ਜਿਉਂ ਅਮ੍ਰਿਤ ਦੀਆਂ ਕਣੀਆਂ ਵਰ੍ਹੀਆਂ


ਹਵਾ ਵਿਚ ਨੇ ਫੁੱਲ ਝੂਮਦੇ, ਵਿੱਚ ਅੰਬਰਾਂ ਦੇ ਕੂੰਜਾਂ ਤਰੀਆਂ।


ਵੰਡਦੇ ਖੁਸ਼ੀਆਂ, ਖੇੜੇ ਹਰਦਮ, ਫੁੱਲਾਂ ਦੇ ਇਹ ਹਿੱਸੇ ਆਇਆ


ਵਧੋ ਫੁੱਲੋ, ਵੰਡੋ ਖੁਸ਼ਬੋਈ, ਫੁੱਲਾਂ ਨੇ ਸਭ ਨੂੰ ਇਹ ਸਮਝਾਇਆ।


ਰੰਗ-ਬਿਰੰਗੇ ਫੁੱਲ ਖਿੜਾ ਕੇ, ਉੱਪਰ ਚੰਚਲ ਤਿਤਲੀਆਂ ਧਰੀਆਂ


ਵਿੱਚ ਬਗੀਚੀਂ ਆਈਆਂ ਬਹਾਰਾਂ, ਫੁੱਲਾਂ ਸੰਗ ਜਿਉਂ ਨੱਚਣ ਪਰੀਆਂ॥




ਵਿੱਚ ਬਗੀਚੀਂ ਲੱਗੀਆਂ ਰੌਣਕਾਂ, ਪੀਲੀਆਂ, ਲਾਲ, ਅਨਾਭੀ ਹਰੀਆਂ


ਹਰੀ ਭਰੀ ਧਰਤ ਦੇ ਉੱਪਰ, ਉੱਗਿਆ ਘਾਹ ਜਿਓਂ ਵਿਛੀਆਂ ਦਰੀਆਂ।


ਰੂਹ ਨੂੰ ਦੇ ਕੇ ਤਰੋ-ਤਾਜ਼ਗੀ, ਭਟਕੇ ਮਨ ਨੂੰ  ਸਕੂਨ  ਦੁਆਇਆ


ਦੂਰ ਭਜਾ ਕੇ ਰੋਜ਼ ਦੀ ਚਿੰਤਾ, ਕੁਦਰਤ ਦਾ ਗੁਣਗਾਨ ਹੈ ਗਾਇਆ।


ਮੌਸਮ ਆਇਆ, ਜਗ ਮੁਸਕਾਇਆ, ਕਲੀਆਂ ਸਨ ਜੋ ਜੋਬਨ ਭਰੀਆਂ


ਵਿੱਚ ਬਗੀਚੀਂ ਆਈਆਂ ਬਹਾਰਾਂ, ਫੁੱਲਾਂ ਸੰਗ ਜਿਉਂ ਨੱਚਣ ਪਰੀਆਂ॥




ਝੂਮ ਕੇ ਫੁੱਲ ਜੋ ਬਾਗੀਂ ਟਹਿਕਣ, ਮਹਿਕ  ਉਡਾਵਣ ਡੋਡੀਆਂ ਭਰੀਆਂ


ਰਾਹਗੀਰ ਸਾਰੇ ਵਾਹ ਵਾਹ ਕਰਸਨ, ਰੂਹਾਂ ਜਿਉਂ ਹੀ ਮਹਿਕਾਂ ਚਰੀਆਂ। 


ਹੱਟੀ ਮਹਿਕ ਦੀ ਸਭ ਲਈ ਖੋਲ੍ਹੀ, ਕੰਢਿਆਂ ਨਾਲ ਵੀ ਸਾਥ ਨਿਭਾਇਆ


ਭਾਵ ਭੇਦ ਤੋਂ ਉੱਪਰ ਉੱਠ ਕੇ, ਹਰ ਇੱਕ ਲਈ ਹੈ ਮੇਲਾ ਲਾਇਆ।


ਹਰ ਪਾਸੇ ਹੈ ਰੌਣਕ ਲੱਗੀ, ਸੁੱਕੀਆਂ ਵੇਲਾਂ ਹੋਈਆਂ ਜਿਉਂ ਹਰੀਆਂ


ਵਿੱਚ ਬਗੀਚੀਂ ਆਈਆਂ ਬਹਾਰਾਂ, ਫੁੱਲਾਂ ਸੰਗ ਜਿਉੰ ਨੱਚਣ ਪਰੀਆਂ॥




ਰੱਬੀ ਮਿਹਰ ਜਦੋਂ ਹੈ ਹੁੰਦੀ, ਸੱਭੇ ਸ਼ੈਆਂ ਲੱਗਦੀਆਂ ਖਰੀਆਂ


ਨੇਕ ਦਿਲੀ ਨੇ ਬਰਕਤ ਲਿਆਂਦੀ, ਪੌਣਾਂ ਹੋਈਆਂ ਮਹਿਕਾਂ ਭਰੀਆਂ।


ਜੀਉੰਦੇ ਜੀਅ ਵੀ, ਮਰ ਮੁੱਕ ਕੇ ਵੀ, ਖੁਸ਼ੀਆਂ ਦਾ ਹੈ ਲੰਗਰ ਲਾਇਆ


ਪਰੋਪਕਾਰ ਦਾ ਬੀੜਾ ਚੁੱਕਿਆ, ਹੈ ਜੀਵਨ ਨੂੰ ਲੋਕਾਂ ਲੜ ਲਾਇਆ।


ਯੋਗਦਾਨ ਮਾਲੀ ਦਾ ਵੱਡਾ, ਖਿੜੇ ਫੁੱਲ ਜੋ ਮਿਹਨਤਾਂ ਕਰੀਆਂ


ਵਿੱਚ ਬਗੀਚੀਂ ਆਈਆਂ ਬਹਾਰਾਂ, ਫੁੱਲਾਂ ਸੰਗ ਜਿਉਂ ਨੱਚਣ ਪਰੀਆਂ॥


                                                    -ਡਾ. ਜਗਤਾਰ ਸਿੰਘ ਧੀਮਾਨ


                            ਰਜਿਸਟਰਾਰ, ਸੀ ਟੀ ਯੂਨੀਵਰਸਿਟੀ, ਲੁਧਿਆਣਾ