ਕਿਤਾਬਾਂ .
ਸਾਡੇ ਕੋਲ ਜ਼ਿੰਦਗੀ ਦਾ
ਹਰ ਵਜੂਦ ਪਿਆ ਹੈ
ਹਰ ਕਿੱਸਾ , ਹਰ ਰਾਜ਼ , ਹਰ ਸੱਚ
ਕਿਤਾਬਾਂ ਵਿੱਚ ਮੌਜੂਦ ਪਿਆ ਹੈ ।
ਸਾਨੂੰ ਸੋਹਣਾ ਬਣਾਉਂਦੀਆਂ ,
ਸੁਲਝਾਉਂਦੀਆਂ
ਸਾਡੇ ਨਾਲ ਨਾਲ ਰਹਿੰਦੀਆਂ ਨੇ
ਆਪਣੇ ਹਰ ਲਫ਼ਜ਼, ਹਰ ਅੱਖਰ ,
ਹਰ ਸਤਰ ਨਾਲ
ਸਾਨੂੰ ਕਿੰਨਾ ਕੁਝ ਕਹਿੰਦੀਆਂ ਨੇ ।
ਇਹਨਾਂ ਦੇ ਅੰਦਰ
ਸਦੀਆਂ ਦਰ ਸਦੀਆਂ ਦਾ
ਹਰ ਰੰਗ ਹੁੰਦਾ ਹੈ
ਕਦੇ ਕਾਵਿਕ , ਕਦੇ ਕਿੱਸਾ , ਕਦੇ ਨਾਟਕ
ਬੱਸ ਬਿਆਨ ਕਰਨ ਦਾ
ਅੱਡ ਅੱਡ ਢੰਗ ਹੁੰਦਾ ਹੈ ।
ਨਵੀਆਂ ਚਾਹੇ ਪੁਰਾਣੀਆਂ
ਹਰ ਕਿਤਾਬ ਵਿੱਚੋਂ ਇੱਕ ਅਜੀਬ ਜਿਹੀ
ਮਹਿਕ ਆਉਂਦੀ ਹੈ
ਕੁਝ ਇਸ ਤਰਾਂ ਲੱਗਦਾ ਮਹਿਲਾਂ 'ਚ ਬੈਠੀ
ਦੇਸਾਂ ਦੀ ਰਾਣੀ ਸਭ ਤੋਂ ਮਹਿੰਗਾ
ਇਤਰ ਲਗਾਉਂਦੀ ਹੈ ।
ਕਿਸੇ ਸੱਜਣ , ਯਾਰ , ਮਿੱਤਰ ਕੋਲੋਂ
ਮੰਗ ਕੇ ਜਾਂ ਖੋਹ ਕੇ
ਪੜੀਆਂ ਕਿਤਾਬਾਂ ਦਾ ਸੁਆਦ
ਅਨੋਖਾ ਹੁੰਦਾ ਹੈ
ਹੁਣ ਤਾਂ ਇਸ ਤਰਾਂ ਲੱਗਦਾ
ਕਿਤਾਬਾਂ ਤੋਂ ਬਾਹਰ
ਵੱਸਦੀ ਦੁਨੀਆਂ ਸਿਰਫ ਅੱਖਾਂ ਦਾ
ਧੋਖਾ ਹੁੰਦਾ ਹੈ ।
ਸਦੀਆਂ ਪਿੱਛੋਂ ਆਉਂਦਾ
ਸੱਚ ਸੁਣਾਉਂਦਾ
ਕਿਸੇ ਨੌਜਵਾਨ ਗੱਭਰੂ ਦਾ
ਇਨਕਲਾਬ ਹੁੰਦੀਆਂ ਨੇ
ਇਹ ਰਾਂਝੇ ਦੀ ਵੰਝਲੀ ,
ਮਾਂ ਦੀ ਰੋਟੀ ,
ਤੇ ਭਾਈ ਮਰਦਾਨੇ ਦੀ ,
ਰਬਾਬ ਹੁੰਦੀਆਂ ਨੇ ।
ਕਿਸੇ ਮਹਿਬੂਬ ਦੀਆਂ ਬਾਹਾਂ ਨਾਲੋਂ
ਕਿਤੇ ਸੋਹਣੀ ਹੁੰਦੀ ਹੈ ਉਹ ਰਾਤ
ਜੋ ਕਿਤਾਬਾਂ ਦੀ ਬੁੱਕਲ 'ਚ ਬਿਤਾਈ ਹੁੰਦੀ ਹੈ
ਕਿੰਨੀ ਮਹੁੱਬਤ , ਕਿੰਨਾ ਇਸ਼ਕ ,
ਕਿੰਨਾ ਪਿਆਰ ਇਹ ਸਿਰਫ
ਸਾਡੇ ਵਾਸਤੇ ਲਿਆਈ ਹੁੰਦੀ ਹੈ ।
ਮੇਰੇ ਕਮਰੇ ਦੀ ਸ਼ੀਸ਼ੇ ਵਾਲੀ ਅਲਮਾਰੀ ਵਿੱਚ
ਪਈਆਂ ਕੁਝ ਕਿਤਾਬਾਂ
ਮੇਰੇ ਕਮਰੇ ਨੂੰ
ਹੋਰ ਵੀ ਸੋਹਣਾ ਬਣਾਉਂਦੀਆਂ ਨੇ
ਮੈਨੂੰ ਜਾਣਦੀਆਂ , ਪਹਿਚਾਣਦੀਆਂ
ਮੇਰੇ ਵਰਗੀਆਂ
ਮੇਰੇ ਵਿੱਚ ਹਰ ਵਕਤ ਜਿਉਂਦੀਆਂ ਨੇ ।
ਕਿੱਥੋਂ , ਕਿਹੜਾ , ਸਭ ਤੋਂ ਸੌਹਣਾ ਅੱਖਰ
ਲੱਭ ਕੇ ਲਿਆ ਸਕਦੇ ਹਾਂ
ਇਹਨਾਂ ਦੇ ਸਤਿਕਾਰ ਵਿੱਚ
ਕੋਈ ਨਾਂ ਵੀ ਬੁਲਾਵੇ , ਤਾਂ ਚੁੱਪ ਚਾਪ
ਉੱਥੇ ਪਈਆਂ ਰਹਿੰਦੀਆਂ ਨੇ
ਇੰਤਜ਼ਾਰ ਵਿੱਚ ।
ਸਿੰਮੀ ਧੀਮਾਨ