ਕੁਦਰਤ ਗਿਆਨ ਦੀ ਖੁੱਲ੍ਹੀ ਕਿਤਾਬ .

ਕੁਦਰਤ ਗਿਆਨ ਦੀ ਖੁੱਲ੍ਹੀ ਕਿਤਾਬ 

ਮੈਨੂੰ ਪੜ੍ਹੋਗੇ, ਰੱਖੋਗੇ ਸੰਭਾਲ ਕੇ ਤੇ ਜਾਣੋਗੇ ਮੈਂ ਲਾਜਵਾਬ ਹਾਂ  

ਮਿਲਣਗੀਆਂ ਨਿਆਮਤਾਂ, ਬੇਹਿਸਾਬ, ਸੋਮਾ ਮੈਂ ਨਾਯਾਬ ਹਾਂ।

ਭਰਿਆ ਹੈ ਰਹਿਮਤਾਂ ਦਾ ਮੇਰਾ ਹਰ ਸਫਾ ਸੁਣ ਲਉ 

ਜੋ ਜੋ ਵੀ ਚਾਹੀਦਾ ਹੈ, ਮਰਜ਼ੀ ਨਾਲ ਚਾਹੇ ਚੁਣ ਲਉ ।

ਮੇਰੇ ਪੜ੍ਹਣ ਵਾਲਿਆਂ ਨੂੰ ਪਈ ਮੈਂ ਵੰਡਦੀ ਬਰਕਤਾਂ ਬੇਹਿਸਾਬ ਹਾਂ

ਮੈਂ ਕੁਦਰਤ ਹਾਂ, ਪੜ੍ਹ ਮੈਨੂੰ, ਮੈਂ ਗਿਆਨ ਦੀ ਖੁਲ੍ਹੀ ਕਿਤਾਬ ਹਾਂ।

 

ਕਿੰਝ ਮਾਣੀਏ ਨਿਆਮਤਾਂ ਆਪਾਂ, ਇਹ ਵੀ ਤਾਂ ਹੁਨਰ ਸਿਖੋ  

ਖੁਸ਼ੀਆਂ ਖੇੜਿਆਂ ਤੇ ਬਰਕਤਾਂ ਦਾ, ਮੈਂ ਭੰਡਾਰਾ ਲਾਜਵਾਬ ਹਾਂ ।

ਕੁਦਰਤ ਦਾ ਵੱਡਾ ਕਤਲ ਕੀਤਾ, ਆਪਾਂ ਗੁਨਾਹਗਾਰ ਹਾਂ ਸਾਂਝੇ

ਪਲੀਤਿਆ ਪੌਣ ਪਾਣੀ ਗਿਆ, ਹੋਏ ਤੰਦੁਰਸਤੀ ਤੋਂ ਵਾਂਝੇ।

ਕਿਉੰ  ਕਰ ਰਿਹਾ ਏਂ ਘਾਣ ਮੇਰਾ ਇਸ ਤਰ੍ਹਾਂ, ਮੰਗਦੀ ਜਵਾਬ ਹਾਂ

 

ਮੈਂ ਕੁਦਰਤ ਹਾਂ, ਪੜ੍ਹ ਮੈਨੂੰ, ਮੈਂ ਗਿਆਨ ਦੀ ਖੁਲ੍ਹੀ ਕਿਤਾਬ ਹਾਂ।

ਮੈਂ ਕੁਦਰਤ ਹਾਂ, ਇੱਕ ਸੁਚਾ ਤੇ ਅਗਾਂਹਵਧੂ ਖਵਾਬ ਹਾਂ

ਗੁੰਝਲਦਾਰ ਸਵਾਲਾਂ ਦਾ ਮੈਂ ਸਾਫ ਤੇ ਸਿੱਧਾ ਜਵਾਬ ਹਾਂ।

ਨਫਰਤ ਦਫਨ ਕਰ ਕੇ ਹੁਣ, ਸਬਕ ਸਭ ਪਿਆਰ ਦਾ ਪੜ੍ਹੀਏ

ਰਖ ਸਮਤੋਲ ਕੁਦਰਤ ਨੂੰ, ਗੱਡੀ ਮਿਲਵਰਤਨ ਦੀ ਚੜ੍ਹੀਏ।

ਵਿਲਖਣ ਹਰ ਹਰਫ ਮੇਰਾ, ਅੰਦਾਜ਼ ਮੇਰਾ, ਮੈਂ ਬੇਹਿਸਾਬ ਹਾਂ

ਮੈਂ ਕੁਦਰਤ ਹਾਂ, ਪੜ੍ਹ ਮੈਨੂੰ, ਮੈਂ ਗਿਆਨ ਦੀ ਖੁਲ੍ਹੀ ਕਿਤਾਬ ਹਾਂ।


                                         - ਡਾ. ਜਗਤਾਰ ਸਿੰਘ ਧੀਮਾਨ


                 ਰਜਿਸਟਰਾਰ, ਸੀ ਟੀ  ਯੂਨੀਵਰਸਿਟੀ, ਲੁਧਿਆਣਾ