ਕਿਤਾਬਾਂ ਦੀ ਜਾਦੂਗਰੀ.
ਬਿਨ੍ਹਾਂ ਤੁਰੇ ਯਾਤਰਾ ਜੇ ਕਰਨੀ ਜਹਾਨ ਦੀ
ਕਰਨੀ ਜੇ ਬਿਨ੍ਹਾਂ ਖੰਭੋਂ ਸੈਰ ਆਸਮਾਨ ਦੀ
ਘਰ ਬੈਠੇ ਮਾਣਨੀ ਏ ਲੱਜ਼ਤ ਜੇ ਆਬਾਂ ਦੀ
ਇਹ ਹੈ ਜਾਦੂਗਰੀ ਮੇਰੇ ਦੋਸਤਾ ਕਿਤਾਬਾਂ ਦੀ
ਤੈਨੂੰ ਜੇ ਐ ਇਹੋ ਜਿਹੇ ਫੁੱਲਾਂ ਦੀ ਉਡੀਕ ਵੇ
ਖਿੜੇ ਰਹਿਣ ਜਿਹੜੇ ਯਾਰ ਉਮਰਾਂ ਦੇ ਤੀਕ ਵੇ
ਆਜਾ ਤੈਨੂੰ ਦੱਸਾਂ ਐਸੀ ਨਗਰੀ ਗੁਲਾਬਾਂ ਦੀ
ਇਹ ਵੀ ਜਾਦੂਗਰੀ ਮੇਰੇ ਦੋਸਤਾ ਕਿਤਾਬਾਂ ਦੀ
ਗੌਰ ਨਾਲ ਸੁਣੀ ਜੋ ਕਿਤਾਬਾਂ ਰਹੀਆਂ ਬੋਲ ਨੇ
ਬੇਸ਼ੁਮਾਰ ਕੀਮਤੀ ਖਜ਼ਾਨੇ ਇਹਨਾਂ ਕੋਲ ਨੇ
ਮੱਥਿਆਂ 'ਚ ਰੋਸ਼ਨੀ ਏਹ ਭਰੇ ਬੇਹਿਸਾਬਾਂ ਦੀ
ਇਹ ਹੈ ਜਾਦੂਗਰੀ ਮੇਰੇ ਦੋਸਤਾ ਕਿਤਾਬਾਂ ਦੀ
ਜਾਂਦੇ ਜਾਂਦੇ ਸੁਣ ਇੱਕ ਹੋਰ ਗੱਲ ਰਾਜ਼ ਦੀ
ਦਿਸਦੀ ਜਿੰਨ੍ਹਾਂ ਚੋਂ ਤਸਵੀਰ ਹੈ ਸਮਾਜ ਦੀ
ਲੀਰੋ ਲੀਰ ਕਰੀ ਜਿੰਨ੍ਹਾਂ ਝੂਠ ਦੇ ਨਕਾਬਾਂ ਦੀ
ਇਹ ਹੈ ਜਾਦੂਗਰੀ ਮੇਰੇ ਦੋਸਤਾ ਕਿਤਾਬਾਂ ਦੀ
✍