ਇਹ ਕਵਿਤਾਵਾਂ-ਗ਼ਜ਼ਲਾਂ.

ਇਹ ਕਵਿਤਾਵਾਂ-ਗਜ਼ਲਾਂ ਮਜ਼ਾਰਾਂ ਨੇ

ਬਣੀਆਂ ਸੈਂਕੜੇ, ਲੱਖਾਂ, ਹਜ਼ਾਰਾਂ ਨੇ

ਇਹਨਾਂ ਵਿੱਚ ਅਹਿਸਾਸ ਦਫ਼ਨ ਨੇ

ਹਰਫਾਂ ਦੇ ਪਹਿਨਾਏ ਕਫ਼ਨ ਨੇ

ਇਹ ਜੀਵਿਤ ਹੁੰਦੀਆਂ ਦੁਬਾਰਾ ਨੇ

ਇਹ ਕਵਿਤਾਵਾਂ-ਗਜ਼ਲਾਂ ਮਜ਼ਾਰਾਂ ਨੇ 


ਇਹਨਾਂ ਮਜ਼ਾਰਾਂ ਤੇ ਮੇਲੇ ਲੱਗਦੇ ਨੇ

ਜੀਹਨੂੰ ਮਹਿਫਲ ਕਹਿ ਕੇ ਸੱਦਦੇ ਨੇ

ਜਿਸ 'ਚ ਰੂਹਾਂ ਦੇ ਅਲਗੋਜ਼ੇ ਵੱਜਦੇ ਨੇ

ਖੁਸ਼ੀਆਂ-ਦਰਦਾਂ ਦੀਆਂ ਫੁਹਾਰਾਂ ਨੇ

ਇਹ ਕਵਿਤਾਵਾਂ-ਗਜ਼ਲਾਂ ਮਜ਼ਾਰਾਂ ਨੇ 


ਕੁੱਝ ਦਫਨ ਹੋਏ ਵਿੱਚ ਖੇੜੇ ਦੇ

ਕਈ ਦਰਦਾਂ ਵਿਚਲੇ ਵਿਹੜੇ ਦੇ

ਕੁੱਝ ਮਗਰੋਂ ਦਿਲ ਨੂੰ ਛੇੜੇ ਤੇ

ਕਈ ਜਿੱਤਾਂ ਤੇ ਕਈ ਹਾਰਾਂ ਨੇ

ਇਹ ਕਵਿਤਾਵਾਂ-ਗਜ਼ਲਾਂ ਮਜ਼ਾਰਾਂ ਨੇ 


ਇਹ ਮਜ਼ਾਰਾਂ, ਵਿੱਚ ਕਿਤਾਬਾਂ ਦੇ 

ਸ਼ਿੰਗਾਰੀਆਂ ਨਾਲ ਅਲਫਾਜ਼ਾਂ ਦੇ

ਇਹ ਦਿੰਦੀਆਂ ਜਦੋਂ ਆਵਾਜ਼ਾਂ ਨੇ

ਫਿਰ ਬੰਨ੍ਹਦੀਆਂ ਖੂਬ ਨਜ਼ਾਰਾ ਨੇ

ਇਹ ਕਵਿਤਾਵਾਂ-ਗਜ਼ਲਾਂ ਮਜ਼ਾਰਾਂ ਨੇ 


 - - ਗੁਰਵੀਰ ਸਿਆਣ - -