ਦਿਲ ਦਫ਼ਨ ਹੈ । .

ਜਿੱਥੇ ਕਿਤੇ ਪਹਿਲੀ ਵਾਰੀ 

ਚੱਲਣਾ ਮੈਂ ਸਿੱਖਿਆ ਸੀ 

ਜਿੱਥੇ ਕਿਤੇ ਲਿਖਣਾ ਮੈਂ 

ਉਮਰਾਂ ਲਈ ਮਿੱਥਿਆ ਸੀ 

ਜਿੱਥੇ ਕਿਤੇ ਹੋਇਆ 

ਮੇਰੀ ਮਾਂ ਦਾ ਜਨਮ ਹੈ 

ਕਰਨਾ ਕਬੂਲ ਓਸੇ 

ਜਗਾਹ ਤੇ ਕਫ਼ਨ ਮੈਂ 

ਐਸੀ ਥਾਂ ਤੇ ਹੋਣਾ 

ਸਦਾ ਵਾਸਤੇ ਦਫ਼ਨ ਮੈਂ । 


ਜਿੱਥੇ ਕਿਤੇ ਬਾਬਿਆਂ ਨੇ 

ਆਣ ਧਰੇ ਪੈਰ ਸੀ 

ਜਿੱਥੇ ਕਿਤੇ ਮੁਗ਼ਲਾਂ 

ਮਚਾਇਆ ਪੂਰਾ ਕਹਿਰ ਸੀ 

ਚਮਕੌਰ ਦੀ ਗੜ੍ਹੀ ਤੇ 

ਸਰਹੰਦ ਦੀ ਦੀਵਾਰੇ ਨੀਂ 

ਦੱਸਦੇ ਨੀ ਤੇਰਾ ਕਿਹੜਾ 

ਬੱਚਿਆਂ ਨਾਲ ਵੈਰ ਸੀ 

ਚੇਤੇ ਕਰ ਕਿੰਨਾ ਹੀ 

ਉਦਾਸ ਹੁੰਦਾ ਮਨ ਹੈ 

ਐਸੀ ਥਾਂ ਤੇ ਦਿਲ 

ਸਦਾ ਵਾਸਤੇ ਦਫ਼ਨ ਹੈ । 


ਜਿੱਥੇ ਕਿਤੇ ਹੋਇਆ 

ਲਾਲ ਰੰਗਾਂ ਵਾਲਾ ਪਾਣੀ ਸੀ 

ਪੁੱਤਾਂ ਦੀ ਜੁਦਾਈ ਜਿੱਥੇ 

ਨਿੱਤ ਦੀ ਕਹਾਣੀ ਸੀ 

ਯਾਦ ਹੈ ਚੌਰਾਸੀ ਤੇ ਸੰਤਾਲੀ 

ਵਾਲੇ ਫੱਟ ਵੀ 

ਲੁੱਟੀ ਗਈ ਧਰਤੀ ਜੋ 

ਸਦੀਆਂ ਤੋਂ ਰਾਣੀ ਸੀ 

ਮਿਲਣੇ ਦੀ ਰੂਹਾਂ ਵਿੱਚ 

ਮੱਚਦੀ ਅਗਨ ਹੈ 

ਐਸੀ ਥਾਂ ਤੇ ਦਿਲ ਸਦਾ 

ਵਾਸਤੇ ਦਫ਼ਨ ਹੈ । 


ਜਿੱਥੇ ਕਿਤੇ ਭਗਤਾਂ ਨੇ 

ਨਾਹਰੇ ਖੂਬ ਲਾਏ ਸੀ 

ਜਿੱਥੇ ਕਿਤੇ ਊਧਮ , 

ਸਰਾਭੇ ਸਭ ਆਏ ਸੀ 

ਫਾਂਸੀਆਂ ਦੇ ਰੱਸਿਆਂ ਨਾਲ 

ਹਾਕਮਾਂ ਨੂੰ ਬੰਨ ਕੇ 

ਕੇਸਰੀ ਰੰਗਾਂ ਦੇ ਬਾਣੇ 

ਉਮਰਾਂ ਲਈ ਪਾਏ ਸੀ 

ਹੱਸ ਕੇ ਗਲਾਂ ਨੂੰ 

ਕਿੰਝ ਲਾ ਲਿਆ ਕਫ਼ਨ ਹੈ 

ਐਸੀ ਥਾਂ ਤੇ ਦਿਲ 

ਸਦਾ ਵਾਸਤੇ ਦਫ਼ਨ ਹੈ । 


ਜਿੱਥੇ ਕਿਤੇ ਰਾਂਝਿਆਂ ਨੇ 

ਵੰਝਲੀ ਵਜਾਈ ਸੀ 

ਜਿੱਥੇ ਕਿਤੇ ਹੀਰ ਮਿੱਠੀ 

ਚੂਰੀ ਲੈ ਕੇ ਆਈ ਸੀ 

ਜਿੱਥੇ ਕਿਤੇ ਲੈ ਗਏ ਸੀ 

ਬਲੋਚ ਪੁੰਨੂ ਯਾਰ ਨੂੰ 

ਜਿੱਥੇ ਕਿਤੇ ਸੱਸੀ ਪਾਈ 

ਰੇਤਾਂ 'ਚ ਦੁਹਾਈ ਸੀ 

ਇਸ਼ਕੇ ਦੀ ਲੱਗੀ ਨਾ ਹੀ 

ਛੁੱਟਦੀ ਲਗਨ ਹੈ 

ਐਸੀ ਥਾਂ ਤੇ ਦਿਲ 

ਸਦਾ ਵਾਸਤੇ ਦਫ਼ਨ ਹੈ । 


ਜਿੱਥੇ ਕਿਤੇ ਕਲਮਾਂ ਦੀ 

ਚੁੱਕੀ ਤਲਵਾਰ ਸੀ 

ਜਿੱਥੇ ਕਿਸੇ ਸ਼ਾਇਰ ਨੂੰ 

ਹੋ ਗਿਆ ਪਿਆਰ ਸੀ 

ਲਿਖਣੇ ਦੇ ਵਿੱਚ ਮਨ 

ਹੁਣ ਵੀ ਮਗਨ ਹੈ 

ਜਿੱਥੇ ਕਿਤੇ ਹੋਇਆ ਮੇਰੀ 

ਮਾਂ ਦਾ ਜਨਮ ਹੈ 

ਕਰਨਾ ਕਬੂਲ ਓਸੇ 

ਜਗਾਹ ਤੇ ਕਫ਼ਨ ਮੈਂ 

ਐਸੀ ਥਾਂ ਤੇ ਹੋਣਾ 

ਸਦਾ ਵਾਸਤੇ ਦਫ਼ਨ ਮੈਂ । 


           ਸਿੰਮੀ ਧੀਮਾਨ ।