ਦੱਬਣ ਵੇਲੇ .

ਮੈਂ ਲਾਸ਼ ਹੋਵਾਂ; ਤੂੰ ਕਫਨ ਹੋਵੇਂ; 'ਤੇ ਨਾਲ ਮੇਰੇ ਇੰਝ ਦਫਨ ਹੋਵੇਂ 

ਕਿ ਵੈਣਾਂ ਦੀ ਗੂੰਜ ਹੋਵੇ ਅੰਬਰਾਂ ਤੀਕ ਤੇ ਤੇਰਾ ਮੇਰਾ ਜਸ਼ਨ ਹੋਵੇ  

ਕਦੀ ਕਿਤੇ ਜੇ ਦਿਲ ਕਰੇ ਮੇਰੀ ਕਬਰ ਤੇ ਫੁੱਲ ਇੱਕ ਰੱਖ ਦਿਆ ਕਰੀਂ

ਬੇਚੈਨੀ ਦੀ ਜੇ ਕਦੇ ਲੋੜ ਪਵੇ ਮੇਰੀ ਯਾਦਾਂ ਦਾ ਫਲ ਚੱਖ ਲਿਆ ਕਰੀਂ

ਜਦ ਦੱਬਣ ਲਗਣਗੇ ਮੈਨੂੰ ਹੋਣ ਰਸਮਾਂ ਸਭ ਤੇਰੇ ਮੂਰੇ ਵੇ

ਤੇਰਾ ਹਸਦਾ ਚਿਹਰਾ ਵੇਖਣਾ, ਖੁਦਾ ਨਾ ਕਰੇ ਤੂੰ ਝੂਰੇ ਵੇ

ਜਿਹੜੇ ਸਾਕ ਸੰਬੰਧੀ ਯਾਰਾ ਦੁਆਲੇ ਇੱਕਠੇ ਮੇਰੇ ਹੋਣਗੇ

ਬਹੁਤੇ ਉਤੋਂ ਦੀ ਨਿੱਮੋਝੂਣੇ, ਥੋੜੇ ਅੰਦਰੋਂ ਅੰਦਰੀਂ ਰੋਣਗੋ

ਪਰ ਇੱਕ ਠਹਾਕਾ ਮਾਰ ਕੇ ਤੂੰ ਉੱਚੀਂ ਦੇਣੀ ਹੱਸ ਪਵੀਂ

ਤੇ ਉਸੇ ਪਲ ਹੀ ਫੇਰ ਤੂੰ ਘਰ ਅਪਣੇ ਵਲ ਨੱਸ ਲਵੀਂ 

ਮੈਨੂੰ ਪਤਾ ਇਹ ਗੱਲ ਮੇਰੀ ਇਕ ਨਜ਼ਰ ਮੂਰਖਾਂ ਆਲੀ ਲਗਦੀ ਏ 

ਜਦ ਸੜੇ ਤੇ ਲੂਣ ਕੋਈ ਲਾ ਦਿੰਦਾ 'ਤੇ ਬਾੜੀ ਜਿਆਦਾ ਲਗਦੀ ਏ

ਕੰਮ ਔਖਾ ; ਤੇਰੇ ਪਿੱਛੇ ਸਾਰੇ ਹੱਥ ਧੋ ਪੈ ਜਾਣਗੇ 

ਸਬਤੋਂ ਪਹਿਲੋਂ ਮੇਰੇ ਘਰਦੇ ਹੀ ਮਾਰਨ ਨੂੰ ਆਣਗੇ

ਮੇਰੀ ਗੱਲ ਪੜ੍ਹ ਕੇ ਮੇਰੇ ਤੇ ਤੈਨੂੰ ਗੁੱਸੇ ਨਾਲ ਹਾਸੀ ਆਏਗੀ 

ਆਖਰੀ ਵੇਲ ਕੀ ਕਮਲ ਸੁੱਝੀ? ਛੇਤੀ ਸਮਝ ਨਾ ਆਏਗੀ 

ਬਸ ਇਸਤੋਂ ਵੱਧ ਮੈਂ ਨਹੀਂ ਕਹਿੰਦਾ ਕਿ ਇਹ ਮੇਰੇ ਲਈ ਭੱਤਾ ਹੋਜੂਗਾ 

ਤੇਰੇ ਬੁੱਲਾਂ ਤੋਂ ਮੇਰੇ ਕੰਨਾਂ ਤੱਕ ਹੁੰਦਾ-ਹੰਦਾ ਰੂਹ ਅੰਦਰ ਕਿਤੇ ਖੋਜੂਗਾ 

ਦੇਹ ਨਸ਼ਵਰ ਦਫ਼ਨ ਹੋ ਜਾਏਗੀ, ਇਹ ਕਾਂਇਆ ਸੜ-ਗਲ ਜਾਏਗੀ 

ਮਿੱਟੀ ਨਾਲ ਇਹਦੀ ਮੁਹੱਬਤ ਵੇਖ, ਇਹ ਫਿਰ ਮਿੱਟੀਂ ਰਲ ਜਾਏਗੀ 

ਇਸੇ ਕਰਕੇ ਹੀ ਕਹਿਨਾ ਤੂੰ ਤੇਰਾ ਹਾਸਾ ਦੱਬਣ ਨਈ ਦੇਣਾ

ਬੁੱਲਾਂ ਨੂੰ ਦਿਲ ਦੇ ਕਿਸੇ ਕੋਨੇ ਤੋਂ ਦੁੱਖੜਾ ਲੱਭਣ ਨਈ ਦੇਣਾ

ਭਾਂਵੇ ਦੱਬਣ ਮੇਰੀ ਦੇਹੀ ਨੂੰ ਪਰ ਅਲਫਾਜ਼ ਦਬਾਂਇਆ ਨਈ ਦੱਬਦੇ

ਦੱਸ ਫੇਰ ਕਾਦਾ ਰੋਸਾ ਕਰਨਾ ਆ ਜਦ ਬੰਦੇ ਨੇ ਉਰੇ ਸਭ ਰੱਬਦੇ 

ਉਂਝ ਕਬਰ ਤੇਰੇ ਲਈ ਖੁੱਲ੍ਹੀ ਆ, ਕਦੇ ਇੱਧਰ ਦਾ ਰੁਖ਼ ਵੀ ਕਰਿਆ ਕਰੀਂ

ਜੇ ਸਿਰ ਮੋਢੇ ਰੱਖਣ ਨੂੰ ਦਿਲ ਕੀਤਾ, ਸਿਰ ਰੁੱਖ ਦੀ ਟਾਹਣੇ ਧਰਿਆ ਕਰੀਂ

ਬਸ ਹੋਰ ਗੱਲਾਂ ਮੈਂ ਨਹੀ ਕਰਦਾ ਕਿਤੇ ਦਿਲ ਤੇਰੇ ਨੂੰ ਲੱਗ ਨਾ ਜਾਏ

ਜਿਹੜਾ ਅੱਖਾਂ ਤੱਕ ਆਣ ਖਲੋਤਾ ਏ ਉਹ ਹੰਝੂ ਕਿਤੇ ਵੱਗ ਨਾ ਜਾਏ  


-ਗੁੰਗੜੀ