ਗੀਤ / ਸਤਵੰਤ ਕਾਲਕਟ (ਅਹਿਸਾਸ).

ਮਿੱਠੇ ਪਾਣੀ ਖੂਹਾਂ ਦੇ ਇਤਿਹਾਸ ਦੇ ਪੰਨੇ ਹੋਏ


ਟੂਬਲ ਨਲਕਿਆਂ ਦੇ ਪਾਣੀ ਵੀ ਅੱਜ ਪਲੀਤ ਨੇ ਹੋਏ

ਗੰਧਲਾ ਪਾਣੀ ਟੂਟੀ ਦਾ ਪੀ ਪੀ ਕੇ ਕਾਲਜਾ ਮੱਚਦਾ

ਮਿਨਰਲ ਵਾਟਰ ਲੈ ਦੇ ਵੇ ਨਈ ਟੂਟੀ ਦਾ ਪਾਣੀ ਪਚਦਾ



ਪਹਿਲਾਂ ਤੇ ਟੂਟੀ ਦਾ ਪਾਣੀ ਟੈਂਕੀ ਵਿਚ ਚੜ੍ਹਾਉਂਦੇ

ਫਿਰ ਓਹ ਪਾਣੀ ਟੂਟੀਆਂ ਰਾਹੀਂ ਘਰ ਘਰ ਵਿਚ ਪੁਚਾਉਂਦੇ

ਬੇਹਾ ਪਾਣੀ ਤਲਹੱਟੀ ਦਾ ਉਸ ਪਾਣੀ ਵਿਚ ਰਚਦਾ

ਮਿਨਰਲ ਵਾਟਰ.........



ਕਿੰਨ੍ਹੇ ਦਿਨ ਹੋ ਗਏ ਟੈਂਕੀ ਨੂੰ ਸਾਫ਼ ਨਾ ਕਿਨੇਂ ਕਰਾਇਆ

ਸਰਪੰਚਾਂ ਦੀ ਟੂਟੀ ਚੋਂ ਕਲ੍ਹ ਕੀੜਾ ਨਿਕਲ ਆਇਆ

ਹੁਣ ਤੇ ਸਾਰਾ ਪਿੰਡ ਹੀ ਇਸ ਪਾਣੀ ਤੋਂ ਫਿਰਦਾ ਬਚਦਾ

ਮਿਨਰਲ ਵਾਟਰ.........



ਨਾਲ ਦਿਆਂ ਨੇ ਆਪਣੇ ਘਰ ਟੂਟੀ ਤੇ ਫਿਲਟਰ ਲਾਇਆ

ਆਰ ਓ ਵਾਲਾ ਸਿਸਟਮ ਲੰਬੜਦਾਰਾਂ ਨੇ ਅਜਮਾਇਆ

ਟੇਸਟ ਕੌੜੇ ਪਾਣੀ ਦਾ ਹੈ ਕਿਸੇ ਕਿਸੇ ਨੂੰ ਜਚਦਾ

ਮਿਨਰਲ ਵਾਟਰ .............



ਸੁੱਚੇ ਮੋਤੀ ਵਰਗਾ ਪਾਣੀ ਬੋਤਲ ਦੇ ਵਿਚ ਦਿਸਦਾ

ਹੈ ‘ਅਹਿਸਾਸ’ ਤੇਰੇ ਪਊਏ ਤੋਂ ਵੀ ਘਟ ਖਰਚਾ ਇਸ ਦਾ

ਉੱਪਰੋਂ ਡਾਕਟਰਾਂ ਦਾ ਖਰਚਾ ਵੀ ਹੈ ਕਿੰਨਾਂ ਬਚਦਾ

ਮਿਨਰਲ ਵਾਟਰ...........