ਤੁਰਨਾ ਚਾਹਵਾਂ ਉਹਨਾਂ ਪੈੜਾਂ 'ਤੇ .

 


ਮੈਂ ਉਹਨਾਂ ਪੈੜਾਂ 'ਤੇ ਨਹੀਂ ਤੁਰਨਾ ਚਾਹੁੰਦਾ....


ਮੈਂ ਬੇਵਕੂਫ਼, ਮੈਂ ਨਾਸਮਝ, ਮੈਂ ਮੰਦਬੁੱਧੀ ਸਹੀ,

ਪਰ ਮੈਂ ਉਹਨਾਂ 'ਹੁਸ਼ਿਆਰ' ਲੋਕਾਂ ਦੀਆਂ ਪੈੜਾਂ 'ਤੇ ਨਹੀਂ ਤੁਰਨਾ ਚਾਹੁੰਦਾ

ਜੋ ਆਪਣੇ ਮੁਲਕ ਨੂੰ ਛੱਡ ਕੇ ਕਿਸੇ ਦੂਜੇ ਮੁਲਕ ਨੂੰ ਜਾਂਦੇ ਨੇ..


ਮੈਂ ਕਮਜ਼ੋਰ, ਮੈਂ ਗਰੀਬ, ਮੈਂ ਲਾਚਾਰ ਸਹੀ,

ਪਰ ਮੈਂ  ਉਹਨਾਂ 'ਸ਼ਾਹਾਂ'   ਦੀਆਂ ਪੈੜਾਂ 'ਤੇ ਨਹੀਂ ਤੁਰਨਾ ਚਾਹੁੰਦਾ

ਜੋ ਹਰ ਵਾਰ ਕਿਸੇ ਮਾੜੇ ਮਜਬੂਰ ਦਾ ਹੱਕ ਖਾਂਦੇ ਨੇ..


ਮੈਂ ਨਿਕੰਮਾ, ਮੈਂ ਬੇਕਾਰ, ਮੈਂ ਬੇਰੁਜ਼ਗਾਰ ਸਹੀ,

ਪਰ ਮੈਂ ਉਹਨਾਂ 'ਕਾਮਯਾਬ' ਲੋਕਾਂ ਦੀਆਂ ਪੈੜਾਂ 'ਤੇ ਨਹੀਂ ਤੁਰਨਾ ਚਾਹੁੰਦਾ

ਜੋ ਅਸਮਾਨ 'ਤੇ ਪਹੁੰਚ ਕੇ ਆਪਣੀ ਮਿੱਟੀ ਨੂੰ ਭੁੱਲ ਜਾਂਦੇ ਨੇ..


ਮੈਂ ਉਨ੍ਹਾਂ ਪੈੜਾਂ 'ਤੇ ਤੁਰਨਾ ਚਾਹੁੰਦਾ ਹਾਂ


ਜੋ ਸੀ ਵੀਰ ਯੋਧੇ, ਨੇਕ ਸੁਚੱਜੇ, ਇਨਸਾਫ਼ਪਸੰਦ ਤੇ ਇਨਕਲਾਬੀ 

ਮੈਂ ਉਨ੍ਹਾਂ "ਸ਼ਹੀਦਾਂ" ਦੀਆਂ ਸੁਚੱਜੀਆਂ ਪੈੜਾਂ 'ਤੇ ਤੁਰਨਾ ਚਾਹੁੰਦਾ ਹਾਂ

ਵਤਨ ਦੀ ਰਾਖੀ ਲਈ ਜੋ ਸੂਲੀ 'ਤੇ ਵੀ ਹੱਸ ਕੇ ਚੜ੍ਹ ਜਾਂਦੇ ਨੇ..


ਜੋ ਨੇ ਸਪੁੱਤਰ ਸਰਵਣ ਤੇ ਮੁਸ਼ੱਕਤੀ ਮਿਹਨਤੀ, 

ਉਹਨਾਂ "ਸਪੁੱਤਰਾਂ" ਦੀ ਪੈੜਾਂ 'ਤੇ ਹੀ ਤੁਰਨ ਦੀ ਚਾਹਤ ਹੈ ਪਾਲ਼ੀ

ਮਾਪਿਆਂ ਲਈ ਕੁੱਛ ਵੀ ਕਰ ਜਾਂਦੇ ਤੇ ਹੱਦ ਤੋਂ ਗੁਜ਼ਰ ਜਾਂਦੇ ਨੇ ਜੋ..

ਕਮਾਲ ਨੇ, ਬੇਮਿਸਾਲ ਨੇ ਤੇ ਨੇ ਅਲਬੇਲੇ 

'ਸਿਧਾਰਥ'  ਉਨ੍ਹਾਂ 'ਲਿਖਾਰੀਆਂ' ਦੀਆਂ ਪੈੜਾਂ 'ਤੇ ਤੁਰਨਾ ਚਾਹੁੰਦਾ ਹਾਂ,

ਜੋ ਆਪਣੀ ਲਿਖਤਾਂ ਨਾਲ ਸਾਰੇ ਜੱਗ ਨੂੰ ਮੋਹ ਜਾਂਦੇ ਨੇ...


ਮੈਂ ਉਹਨਾਂ ਪੈੜਾਂ 'ਤੇ ਤੁਰਨਾ ਚਾਹੁੰਦਾ ਹਾਂ....

 

                                                    - ਸਿਧਾਰਥ