ਨਵੀਆਂ ਪੈੜਾਂ .
ਕਿੰਨੇ ਵਕਤ ਤੋਂ ਉਸਦੀਆਂ ਪੈੜਾਂ
ਦੇ ਵਿੱਚ ਪੈਰ ਮੈਂ ਧਰਦੀ ਰਹੀ
ਜੋ ਜੋ ਮੈਨੂੰ ਕਹਿੰਦਾ ਗਿਆ ਉਹ
ਸਭ ਕੁਝ ਮੈਂ ਕਰਦੀ ਗਈ ।
ਆਖੇ ਬੈਠਾਂ , ਆਖੇ ਬੋਲਾਂ
ਆਖੇ ਉਸਦੇ ਪੈਰ ਦਬਾਵਾਂ
ਓਸੇ ਦੀ ਕਠਪੁਤਲੀ ਬਣ ਕੇ
ਹੱਥਾਂ ਦੇ ਵਿੱਚ ਬੇੜੀ ਪਾਵਾਂ ।
ਉਸਦੀ ਨਜ਼ਰ ਦਾ ਤੀਰ ਜਿਸਮ ਤੇ
ਵਾਰੋ ਵਾਰੀ ਵਰੵਦਾ ਜਾਵੇ
ਮੈਂ ਨਾ ਕੁਝ ਵੀ ਬੋਲਾਂ ਚਾਹੇ
ਉਹ ਮਨਆਈਆਂ ਕਰਦਾ ਜਾਵੇ ।
ਮੈਂ ਨਾ ਘਰ ਦੇ ਬਾਹਰ ਜਾਣਾ
ਉਸਨੇ ਰੋਕ ਲਗਾਈ ਹੈ
ਉਸਦਾ ਕਿਹਾ ਸਿਰ ਮੱਥੇ
ਉਹ ਮੇਰੇ ਸਿਰ ਦਾ ਸਾਈਂ ਹੈ ।
ਸੱਤ ਜਨਮਾਂ ਦਾ ਪਾਪੀ ਤੇ ਉਹ
ਮੇਰੀ ਕੁੱਖ ਤੇ ਦੋਸ਼ ਲਗਾਵੇ
ਇੱਕ ਚਿੱਤ ਕਰਦਾ ਆਖਾਂ ਜਾ ਕੇ
ਆਪਣੇ ਬਾਰੇ ਪਤਾ ਕਰਾਵੇ ।
ਉਸਨੂੰ ਕੋਈ ਫਿਕਰ ਨਹੀਂ ਹੈ
ਹਰ ਦਿਨ ਕਿੰਨੇ ਅੱਥਰੂ ਡੁੱਲ੍ਹੇ
ਇੱਜ਼ਤ , ਪਿਆਰ , ਮਹੁੱਬਤ ਲਫ਼ਜ਼ ਤਾਂ
ਉਸਦੇ ਜ਼ਹਿਨ 'ਚੋਂ ਲੱਗਦਾ ਭੁੱਲੇ ।
ਉਸਦੇ ਇੱਕ ਦੀਦਾਰ ਦੀ ਖਾਤਿਰ
ਕਿੰਨੀ ਪੀੜ ਹੰਢਾਈ ਹੈ
ਓਸੇ ਕੁੱਖ ਨੂੰ ਘਰ 'ਚੋਂ ਕੱਢਿਆ
ਕੈਸੀ ਰੀਤ ਚਲਾਈ ਹੈ ।
ਇਹ ਕੋਈ ਅੱਜ ਦੀ ਗੱਲ ਨਹੀਂ ਹੈ
ਸਦੀਆਂ ਤੋਂ ਸਭ ਚੱਲਦਾ ਆਵੇ
ਹਰ ਇੱਕ ਕਿੱਸੇ ਦੇ ਵਿੱਚ ਦੁਨੀਆਂ
ਔਰਤ ਤੇ ਹੀ ਦੋਸ਼ ਲਗਾਵੇ ।
ਡਰ ਕੇ , ਮਰ ਕੇ , ਜਰ ਕੇ ਤੇਰੇ
ਹੱਥ ਪੱਲੇ ਹੁਣ ਕੀ ਬਚਿਆ ਹੈ
ਔਰਤ ਹੈਂ ਤੂੰ ਭੁੱਲ ਨਾ ਤੇਰੀ
ਇੱਕ ਤੱਕਣੀ ਤੇ ਰੱਬ ਨੱਚਿਆ ਹੈ ।
ਹੈ ਗੱਲ ਹੁਣ ਵੱਸੋਂ ਬਾਹਰ ਹੋਈ
ਹੁਣ ਤਾਂ ਲੰਘਿਆ ਸਿਰ ਤੋਂ ਪਾਣੀ
ਦਿਲ ਕਰਦਾ ਹੈ ਆਪਣੀਆਂ ਪੈੜਾਂ
ਛਾਪ ਕੇ ਲਿਖਦਾਂ ਨਵੀਂ ਕਹਾਣੀ ।
ਸਿੰਮੀ ਧੀਮਾਨ ।