* ਜ਼ਿੰਦਗੀ ਦੇ ਨਾਇਕ *.

ਰਾਹਾਂ ਦੇ ਰੋੜੇ ਅੱਡੀਆਂ ਤਲੇ ਫਿਓਂ ਦਿੰਦੇ ਜੋ

ਮੰਜ਼ਿਲ ਦੇ ਰਾਹ ਮੁੜ੍ਹਕੇ ਨਾਲ ਭਿਓਂ ਦਿੰਦੇ ਜੋ

ਖੂਨ ਨਾਲ ਨੇ ਸਿੰਜਦੇ ਜਿਹੜੇ ਖੇਤ ਖੁਆਬਾਂ ਦੇ

ਕਾਮੇ ਨਾਇਕ ਜ਼ਿੰਦਗੀ ਦੇ ਨੇ ਅਸਲ ਹਿਸਾਬਾਂ ਦੇ


ਦਫਨ ਹੀ ਕਰ ਦਿੰਦੇ ਜੋ ਆਪਣੇ ਅਰਮਾਨਾਂ ਨੂੰ 

ਸਦਾ ਦੇਖ ਕੇ ਜਿਊੰਦੇ ਜੋ ਖੁੱਲ੍ਹੇ ਅਸਮਾਨਾਂ ਨੂੰ 

ਜਗ-ਬੁਝ ਕਰਦੇ ਜਗਦੇ ਆ ਜੋ ਵਾਂਗ ਚਿਰਾਗਾਂ ਦੇ

ਕਾਮੇ ਨਾਇਕ ਜ਼ਿੰਦਗੀ ਦੇ ਨੇ ਅਸਲ ਹਿਸਾਬਾਂ ਦੇ 


ਔਕੜਾਂ ਅਤੇ ਮੁਸੀਬਤਾਂ ਨਾਲ ਜੰਗ ਕਰਦੇ ਰਹਿਣਾ

ਇਹਨਾਂ ਦੱਸਿਆ ਦੁੱਖ ਵੀ ਨੇ ਜ਼ਿੰਦਗੀ ਦਾ ਗਹਿਣਾ

ਸੱਚ ਇਹ ਬਿਆਨ ਨੇ ਕਰਦੇ ਅਸਲ ਕਿਤਾਬਾਂ ਦੇ

ਕਾਮੇ ਨਾਇਕ ਜ਼ਿੰਦਗੀ ਦੇ ਨੇ ਅਸਲ ਹਿਸਾਬਾਂ ਦੇ 


ਜਿੰਨਾਂ ਦੇ ਹੱਥ-ਪੈਰ ਫੁਰਤੀਲੇ, ਦਿਲ ਤੇ ਦਿਮਾਗ ਭੋਲੇ

ਸਬਰ,ਸ਼ੁਕਰ ਤੇ ਮਿਹਨਤ ਵਰਗੇ ਰਤਨ ਜਿੰਨ੍ਹਾਂ ਕੋਲੇ

ਔਕੜਾਂ ਵਿੱਚ ਵੀ ਖਿੜੇ ਰਹਿਣ ਜੋ ਵਾਂਗ ਗੁਲਾਬਾਂ ਦੇ 

ਕਾਮੇ ਨਾਇਕ ਜ਼ਿੰਦਗੀ ਦੇ ਨੇ ਅਸਲ ਹਿਸਾਬਾਂ ਦੇ 


'ਗੁਰਵੀਰ ਸਿਆਂ' ਤੂੰ ਵੀ ਜ਼ਰਾ ਮੁਸ਼ੱਕਤ ਕਰ ਤਾਂ ਸਹੀ

ਬੜੇ ਨੇ ਗੁੱਝੇ ਭੇਦ ਛੁਪੇ ਹੋਏ ਜ਼ਰਾ ਤੂੰ ਪੜ੍ਹ ਤਾਂ ਸਹੀ

ਕਦੀ ਵੰਝ ਮਾਰਿਆਂ ਦੋ ਨਹੀਂ ਹੁੰਦੇ ਨੀਰ ਤਲਾਬਾਂ ਦੇ

ਕਾਮੇ ਨਾਇਕ ਜ਼ਿੰਦਗੀ ਦੇ ਨੇ ਅਸਲ ਹਿਸਾਬਾਂ ਦੇ 


                                        - ਗੁਰਵੀਰ ਸਿਆਣ