*◆ਮਜ਼ਦੂਰ ਦਾ ਗਿਲਾ◆*.
ਮਨਆਈਆਂ ਕਰਦਾ ਏਂ, ਬੈਠ ਉਤਾਂਹ ਰੱਬਾ
ਦੱਸ ਅਸੀਂ ਕੀ ਮਾਰੇ, ਤੇਰੇ ਮਾਂਹ ਰੱਬਾ
ਬਦਲੇ ਲੈਨੈਂ ਕਿਓੰ ਗਿਣ-ਗਿਣ ਮਜ਼ਦੂਰਾਂ ਦੇ
*ਰੱਬਾ ਕਿਓੰ ਨਾ ਬਦਲਣ ਦਿਨ ਮਜ਼ਦੂਰਾਂ ਦੇ*
ਮੀਂਹਾਂ ਦੇ ਵਿੱਚ ਕੋਠੇ ਚੋਂਦੇ ਰਹਿੰਦੇ ਨੇ
ਡਰਦੇ ਹਰ ਪਲ ਅੰਦਰੋਂ ਰੋਂਦੇ ਰਹਿੰਦੇ ਦੇ
ਕਿਓੰ ਹਿੱਸੇ ਆਈ ਇਹ ਕਿਣ-ਮਿਣ ਮਜ਼ਦੂਰਾਂ ਦੇ
*ਰੱਬਾ ਕਿਓੰ ਨਾ ਬਦਲਣ ਦਿਨ ਮਜ਼ਦੂਰਾਂ ਦੇ*
ਢੋਅ ਢੋਅ ਬੱਠਲ ਕੁੱਬੇ ਹੋ ਗਏ ਢੂਹੇ ਵੇ
ਫ਼ਿਰ ਵੀ ਆਇਆ ਸੁੱਖ ਨਾ ਸਾਡੇ ਬੂਹੇ ਵੇ
ਦੁੱਖ ਨੇ ਮੁੱਕਣੇ ਨਾ-ਮੁਮਕਿਨ ਮਜ਼ਦੂਰਾਂ ਦੇ
*ਰੱਬਾ ਕਿਓੰ ਨਾ ਬਦਲਣ ਦਿਨ ਮਜ਼ਦੂਰਾਂ ਦੇ*
ਕਿਓੰ ਓਹਨਾਂ ਦੇ ਲੇਖੀਂ ਕੱਚੇ ਢਾਰੇ ਨੇ
ਜਿੰਨ੍ਹਾਂ ਦੁਨੀਆਂ ਖ਼ਾਤਰ ਮਹਿਲ ਉਸਾਰੇ ਨੇ
ਕੰਮ ਕੋਈ ਨਈਂ ਹੁੰਦਾ, ਬਿਨ ਮਜ਼ਦੂਰਾਂ ਦੇ
*ਰੱਬਾ ਕਿਓੰ ਨਾ ਬਦਲਣ ਦਿਨ ਮਜ਼ਦੂਰਾਂ ਦੇ*
✍