Sustainable Tourism Shared Prosperity/ Gajendra Singh Shekhawat .
ਗਜੇਂਦਰ ਸਿੰਘ ਸ਼ੇਖਾਵਤ
ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ
ਟੂਰਿਜ਼ਮ ਸਿਰਫ਼ ਯਾਤਰਾ ਕਰਨਾ ਨਹੀਂ ਹੈ, ਇਹ ਲੋਕਾ ਨੂੰ ਜੋੜਨ ਵਾਲਾ ਪੁਲ ਹੈ, ਰੁਜ਼ਗਾਰ ਦਾ ਸਾਧਨ ਹੈ ਅਤੇ ਸਾਡੇ ਸੱਭਿਆਚਾਰ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਮਾਧਿਅਮ ਹੈ। ਟੂਰਿਜ਼ਮ ਅਤੇ ਟਿਕਾਊ ਪਰਿਵਰਤਨ ਨੂੰ ਸਮਰਪਿਤ ਇਸ ਵਰਲਡ ਟੂਰਿਜ਼ਮ ਡੇਅ ‘ਤੇ ਇਹ ਸਮਝਣਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿਰਣਾਇਕ ਅਗਵਾਈ ਵਿੱਚ ਭਾਰਤ ਦੀ ਟੂਰਿਜ਼ਮ ਯਾਤਰਾ ਨੂੰ ਕਿਵੇਂ ਨਵਾਂ ਰੂਪ ਦਿੱਤਾ ਗਿਆ ਹੈ। ਜੋ ਪਹਿਲਾਂ ਕਦੇ ਮੌਸਮੀ ਅਤੇ ਖਿੰਡਿਆ ਹੋਇਆ ਖੇਤਰ ਸੀ, ਉਹ ਅੱਜ ਯੋਜਨਾਬੱਧ , ਸਮਾਵੇਸ਼ੀ ਅਤੇ ਟਿਕਾਊ ਰਾਸ਼ਟਰੀ ਵਿਕਾਸ ਦਾ ਪ੍ਰਮੁੱਖ ਸਾਧਨ ਬਣ ਗਿਆ ਹੈ।
ਇਹ ਬਦਲਾਅ ਸਿਰਫ਼ ਕਲਪਨਾਵਾਂ ਵਿੱਚ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਦਿਖਾਈ ਦਿੰਦਾ ਹੈ। ਜੂਨ 2025 ਤੱਕ ਭਾਰਤ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ 16.5 ਲੱਖ ਪਹੁੰਚ ਗਈ, ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਸੰਖਿਆ 84.4 ਲੱਖ ਰਹੀ ਅਤੇ ਟੂਰਿਜ਼ਮ ਤੋਂ ਵਿਦੇਸ਼ੀ ਮੁਦ੍ਰਾ ਆਮਦਨ 51,532 ਕਰੋੜ ਤੱਕ ਪਹੁੰਚੀ। ਇਕੱਲੇ 2023-24 ਵਿੱਚ ਹੀ ਇਸ ਖੇਤਰ ਨੇ ਜੀਡੀਪੀ ਵਿੱਚ 15.73 ਲੱਖ ਕਰੋੜ ਦਾ ਯੋਗਦਾਨ ਦਿੱਤਾ, ਜੋ ਅਰਥਵਿਵਸਥਾ ਦਾ ਪੰਜ ਪ੍ਰਤੀਸ਼ਤ ਤੋਂ ਵੱਧ ਹੈ ਅਤੇ 8.4 ਕਰੋੜ ਤੋਂ ਵੱਧ ਨੌਕਰੀਆਂ ਨੂੰ ਸਹਾਰਾ ਦਿੱਤਾ। ਇੰਨ੍ਹਾਂ ਅੰਕੜਿਆਂ ਦੇ ਪਿੱਛੇ ਕਾਰੀਗਰਾਂ ਨੂੰ ਨਵੇਂ ਬਜ਼ਾਰ ਮਿਲਣਾ, ਪਰਿਵਾਰਾਂ ਦਾ ਹੋਮਸਟੇਅ ਸ਼ੁਰੂ ਕਰਨਾ, ਅਤੇ ਗਾਈਡ, ਡਰਾਈਵਰ ਅਤੇ ਛੋਟੇ ਕਾਰੋਬਾਰੀਆਂ ਲਈ ਲਗਾਤਾਰ ਕੰਮ ਅਤੇ ਮੰਗ ਦਾ ਮੌਕਾ ਜੁੜਿਆ ਹੋਇਆ ਹੈ।
ਇਸ ਤਰੱਕੀ ਦੇ ਕੇਂਦਰ ਵਿੱਚ ਪ੍ਰਧਾਨ ਮੰਤਰੀ ਦਾ ਇਹ ਵਿਸ਼ਵਾਸ ਹੈ ਕਿ ਟੂਰਿਜ਼ਮ ਨੂੰ ਰਾਸ਼ਟਰੀ ਪ੍ਰਾਥਮਿਕਤਾ ਹੋਣਾ ਚਾਹੀਦਾ ਹੈ, ਨਾ ਕਿ ਕੋਈ ਹਾਸ਼ੀਏ ਦੀ ਗਤੀਵਿਧੀ। ਨਵੇਂ ਹਵਾਈ ਅੱਡਿਆਂ, ਆਧੁਨਿਕ ਰੇਲ ਨੈੱਟਵਰਕ, ਨਵੇਂ ਬਣੇ ਹਾਈਵੇਅਜ਼ ਅਤੇ ਅੰਦਰੂਨੀ ਜਲਮਾਰਗ ਤੋਂ ਮੁੱਢਲੇ ਢਾਂਚੇ ਅਤੇ ਕਨੈਕਟੀਵਿਟੀ ਦਾ ਵਿਸਤਾਰ ਕੀਤਾ ਗਿਆ। ਉਡਾਣ ਯੋਜਨਾ ਨੇ ਹਵਾਈ ਯਾਤਰਾ ਨੂੰ ਛੋਟੇ ਸ਼ਹਿਰਾਂ ਦੀ ਪਹੁੰਚ ਵਿੱਚ ਲਿਆ ਦਿੱਤਾ। ਹੈਰੀਟੇਜ਼ ਸਾਈਟਾਂ ਅਤੇ ਤੀਰਥ ਯਾਤਰਾਵਾਂ ਦੇ ਰਸਤਿਆਂ ਤੱਕ ਬਿਹਤਰ ਅੰਤਿਮ ਕਨੈਕਟੀਵਿਟੀ ਨੇ ਉਨ੍ਹਾਂ ਲੱਖਾਂ ਲੋਕਾਂ ਲਈ ਯਾਤਰਾ ਸੰਭਵ ਕਰ ਦਿੱਤੀ, ਜੋ ਪਹਿਲਾਂ ਦੂਰੀ ਜਾਂ ਖਰਚ ਦੇ ਕਾਰਨ ਵੰਚਿਤ ਰਹਿ ਜਾਂਦੇ ਸਨ। ਇਸ ਤਰ੍ਹਾਂ ਟੂਰਿਜ਼ਮ ਹੁਣ ਸਿਰਫ਼ ਸ਼ਹਿਰੀ ਲਗਜ਼ਰੀ ਨਾ ਹੋ ਕੇ ਸੰਤੁਲਿਤ ਖੇਤਰੀ ਵਿਕਾਸ ਦਾ ਸਾਧਨ ਬਣ ਗਿਆ ਹੈ।
ਮੰਜ਼ਿਲ (ਡੈਸਟੀਨੇਸ਼ਨ) ਵਿਕਾਸ ਵੀ ਇਸ ਦ੍ਰਿਸ਼ਟੀ ਤੋਂ ਅੱਗੇ ਵਧਾਇਆ ਗਿਆ ਹੈ। ਸਵਦੇਸ਼ ਦਰਸ਼ਨ 2.0 ਅਤੇ ਪ੍ਰਸਾਦ ਜਿਹੇ ਪ੍ਰੋਗਰਾਮ ਸਥਿਰਤਾ ਅਤੇ ਸੱਭਿਆਚਾਰਕ ਅਖੰਡਤਾ ਨੂੰ ਆਪਣੇ ਕੇਂਦਰ ਵਿੱਚ ਰੱਖਦੇ ਹਨ। ਡੈਸਟੀਨੇਸ਼ਨ ਮੈਨੇਜਮੈਂਟ ਆਰਗੇਨਾਈਜ਼ੇਸ਼ਨ ਦੀ ਸ਼ੁਰੂਆਤ ਨੇ ਸਰਕਾਰ, ਨਿਜੀ ਖੇਤਰ ਅਤੇ ਸਥਾਨਕ ਭਾਈਚਾਰਿਆਂ ਨੂੰ ਇਕੱਠਾ ਜੋੜਿਆ ਹੈ, ਤਾਂ ਜੋ ਸੰਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਹੋਵੇ ਅਤੇ ਲਾਭ ਸਭ ਤੱਕ ਸਮਾਨ ਰੂਪ ਨਾਲ ਪਹੁੰਚੇ।
ਪ੍ਰਧਾਨ ਮੰਤਰੀ ਨੇ ਇਹ ਵੀ ਨਵਾਂ ਦ੍ਰਿਸ਼ਟੀਕੋਣ ਦਿੱਤਾ ਹੈ ਕਿ ਭਾਰਤ ਦੁਨੀਆ ਦੇ ਸਾਹਮਣੇ ਖੁਦ ਨੂੰ ਕਿਵੇਂ ਪੇਸ਼ ਕਰੇ। ਨਵੇਂ ਰੂਪ ਵਿੱਚ ਸ਼ਾਨਦਾਰ ਭਾਰਤ ਪੋਰਟਲ, ਗਲੋਬਲ ਯਾਤਰਾ ਪਲੈਟਫਾਰਮ ਦੇ ਨਾਲ ਸਾਂਝੇਦਾਰੀ ਅਤੇ ਡਿਜੀਟਲ ਸਟੋਰੀਟੈਲਿੰਗ ਦੇ ਨਵੇਂ ਤਰੀਕੇ ਨੇ ਸਭ ਤੋਂ ਛੋਟੇ ਆਪ੍ਰੇਟਰਾਂ, ਗ੍ਰਾਮੀਣ ਮੇਜ਼ਬਾਨਾਂ, ਹੋਮਸਟੇਅ ਚਲਾਉਣ ਵਾਲੇ ਪਰਿਵਾਰ, ਸੱਭਿਆਚਾਰਕ ਉੱਦਮੀਆਂ ਨੂੰ ਵੀ ਗਲੋਬਲ ਦਰਸ਼ਕਾਂ ਤੱਕ ਪਹੁੰਚਾਉਣ ਦਾ ਮੌਕਾ ਦਿੱਤਾ ਹੈ। ਤਕਨਾਲੋਜੀ ਹੁਣ ਸਿਰਫ਼ ਪ੍ਰਚਾਰ ਦਾ ਸਾਧਨ ਹੀ ਨਹੀਂ ਰਹੀ, ਸਗੋਂ ਡੇਟਾ-ਅਧਾਰਿਤ ਪ੍ਰਬੰਧਨ ਦੇ ਜ਼ਰੀਏ ਸੰਵੇਦਨਸ਼ੀਲ ਸਥਾਨਾਂ ਦੀ ਸੁਰੱਖਿਆ ਦਾ ਮਾਧਿਅਮ ਵੀ ਬਣ ਗਈ ਹੈ।
ਹਾਲਾਂਕਿ ਇਸ ਬਦਲਾਅ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸਥਿਰਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਵਿਆਪਕ ਲਾਈਫ ਅੰਦੋਲਨ (ਲਾਈਫਸਟਾਈਲ ਫੌਰ ਇਨਵਾਇਰਮੈਂਟ) ਨੂੰ ਅੱਗੇ ਵਧਾਉਂਦੇ ਹੋਏ ਟ੍ਰੈਵਲ ਫੋਰ ਲਾਈਫ ਦੀ ਸ਼ੁਰੂਆਤ ਕੀਤੀ,ਜਿਸ ਵਿੱਚ ਟੂਰਿਜ਼ਮ ਨੂੰ ਵੀ ਵਾਤਾਵਰਣ ਸੁਰੱਖਿਆ ਨਾਲ ਜੋੜਿਆ ਗਿਆ। ਘੱਟ ਪ੍ਰਭਾਵ ਵਾਲੇ ਗ੍ਰਾਮੀਣ ਅਨੁਭਵਾਂ ਤੋਂ ਲੈ ਕੇ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲ ਬੁਨਿਆਦੀ ਢਾਂਚੇ ਅਤੇ ਜ਼ਿੰਮੇਵਾਰ ਤੀਰਥ ਪ੍ਰਬੰਧਨ ਤੱਕ, ਪੂਰਾ ਜ਼ੋਰ ਇਸ ਗੱਲ ‘ਤੇ ਹੈ ਕਿ ਯਾਤਰਾ ਕੁਦਰਤ ਨੂੰ ਸੰਵਾਰਨ ਵਾਲੀ ਹੋਵੇ, ਨਾ ਕਿ ਉਸ ਨੂੰ ਨੁਕਸਾਨ ਪਹੁੰਚਾਉਣ ਵਾਲੀ। ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ, ਗਲੋਬਲ ਟੂਰਿਜ਼ਮ ਨੂੰ ਟਿਕਾਊ ਵਿਕਾਸ ਟੀਚਿਆਂ ਦੇ ਨਾਲ ਜੋੜਨ ਲਈ ‘ਗੋਆ ਰੋਡਮੈਪ’ ਨੂੰ ਅੱਗੇ ਵਧਾਇਆ ਗਿਆ, ਜਿਸ ਵਿੱਚ ਹਰਿਤ ਵਿਕਾਸ, ਹੁਨਰ ਵਿਕਾਸ, ਡਿਜ਼ੀਟਾਈਜ਼ੇਸ਼ਨ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੇ ਸਮਰਥਨ ਨੂੰ ਵਿਸ਼ਵਵਿਆਪੀ ਚਰਚਾ ਦੇ ਕੇਂਦਰ ਵਿੱਚ ਰੱਖਿਆ ਗਿਆ।
ਵਿੱਤੀ ਸੁਧਾਰਾਂ ਨੇ ਵੀ ਇਨ੍ਹਾਂ ਢਾਂਚਾਗਤ ਬਦਲਾਵਾਂ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਸਭ ਤੋਂ ਤਾਜ਼ਾ ਅਹਿਮ ਕਦਮ ਰਿਹਾ 1000 ਤੋਂ 7500 ਰੁਪਏ ਤੱਕ ਦੇ ਹੋਟਲ ਕਮਰਿਆਂ ‘ਤੇ ਜੀਐੱਸਟੀ ਘਟਾ ਕੇ 5% ਕਰਨਾ। ਇਹ ਸੋਚ-ਸਮਝ ਕੇ ਚੁੱਕਿਆ ਗਿਆ ਕਦਮ ਸੀ ਤਾਂ ਜੋ ਮੱਧ ਵਰਗ ਦੇ ਯਾਤਰੀ ਪ੍ਰੋਤਸਾਹਿਤ ਹੋਣ, ਜਿਨ੍ਹਾਂ ਦੀਆਂ ਤੀਰਥ ਯਾਤਰਾਵਾਂ, ਵੀਕੇਂਡ ਟ੍ਰਿਪ ਅਤੇ ਗ੍ਰਾਮੀਣ ਪ੍ਰਵਾਸ ਟੂਰਿਜ਼ਮ ਸੈਕਟਰ ਨੂੰ ਬਹੁਤ ਸਹਾਰਾ ਦਿੰਦੇ ਹਨ। ਹਾਲਾਂਕਿ, ਇਨਪੁਟ ਟੈਕਸ ਕ੍ਰੈਡਿਟ ਵਾਪਸ ਲੈਣ ‘ਤੇ ਬਹਿਸ ਜਾਰੀ ਹੈ, ਪਰ ਇਸ ਦਾ ਵਿਆਪਕ ਅਸਰ ਸਪਸ਼ਟ ਹੈ। ਕਿਫਾਇਤੀ ਕੀਮਤਾਂ ਨੇ ਜ਼ਿਆਦਾ ਲੋਕਾਂ ਲਈ ਟੂਰਿਜ਼ਮ ਦਾ ਰਾਹ ਖੋਲ੍ਹਿਆ ਹੈ। ਜ਼ਿਆਦਾ ਯਾਤਰੀ ਮਤਲਬ ਭਰੇ ਹੋਏ ਹੋਟਲ, ਸਥਾਨਕ ਸੇਵਾਵਾਂ ਦੀ ਵਧੇਰੇ ਮੰਗ ਅਤੇ ਕਾਰੀਗਰਾਂ ਅਤੇ ਉੱਦਮੀਆਂ ਲਈ ਨਵੇਂ ਮੌਕੇ। ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ, ਕਿਫਾਇਤ ਸਿਰਫ਼ ਆਰਥਿਕ ਉਪਾਅ ਨਹੀਂ ਸਗੋਂ ਇੱਕ ਲੋਕਤੰਤਰੀ ਸਿਧਾਂਤ ਹੈ, ਜੋ ਯਾਤਰਾ ਨੂੰ ਕੁਝ ਲੋਕਾਂ ਦੇ ਵਿਸ਼ੇਸ਼ ਅਧਿਕਾਰ ਦੀ ਬਜਾਏ ਬਹੁਤਿਆਂ ਦਾ ਅਧਿਕਾਰ ਬਣਾਉਂਦਾ ਹੈ।
ਫਿਰ ਵੀ, ਪ੍ਰਧਾਨ ਮੰਤਰੀ ਲਗਾਤਾਰ ਇਹ ਯਾਦ ਦਿਲਾਉਂਦੇ ਰਹੇ ਹਨ ਕਿ ਸਿਰਫ਼ ਨੀਤੀਆਂ ਹੀ ਕਾਫੀ ਨਹੀਂ ਹਨ। ਅਸਲੀ ਬਦਲਾਅ ਲਈ ਭਾਈਚਾਰੇ ਦਾ ਸਹਿਯੋਗ ਜ਼ਰੂਰੀ ਹੈ। ਇਸ ਲਈ ਪ੍ਰੋਗਰਾਮ ਸਥਾਨਕ ਨੌਜਵਾਨਾਂ ਨੂੰ ਗਾਈਡ ਦੇ ਰੂਪ ਵਿੱਚ ਸਿਖਲਾਈ ਦਿੰਦੇ ਹਨ, ਵਾਤਾਵਰਣ-ਅਨੁਕੂਲ ਪ੍ਰਾਹੁਣਚਾਰੀ ਨੂੰ ਉਤਸਾਹਿਤ ਕਰਦੇ ਹਨ, ਕਾਰੀਗਰਾਂ ਨੂੰ ਵਿਆਪਕ ਬਜ਼ਾਰਾਂ ਤੱਕ ਪਹੁੰਚਣ ਵਿੱਚ ਮਦਦ ਕਰਦੇ ਹਨ ਅਤੇ ਤੀਰਥ ਯਾਤਰਾ ਮਾਰਗਾਂ ਦੀ ਪਵਿੱਤਰਤਾ ਦੀ ਰੱਖਿਆ ਕਰਦੇ ਹਨ। ਇਸ ਦ੍ਰਿਸ਼ਟੀਕੋਣ ਵਿੱਚ, ਟੂਰਿਜ਼ਮ ਨੂੰ ਉੱਪਰੋਂ ਥੋਪਿਆ ਨਹੀਂ ਜਾਂਦਾ, ਸਗੋਂ ਉਨ੍ਹਾਂ ਹੀ ਲੋਕਾਂ ਨਾਲ ਮਿਲ ਕੇ ਬਣਾਇਆ ਜਾਂਦਾ ਹੈ, ਜਿਨ੍ਹਾਂ ਦੇ ਜੀਵਨ ‘ਤੇ ਇਸ ਦਾ ਸਿੱਧੇ ਤੌਰ ‘ਤੇ ਅਸਰ ਪੈਂਦਾ ਹੈ। ਚੁਣੌਤੀਆਂ ਹਾਲੇ ਵੀ ਮੌਜੂਦ ਹਨ। ਢਾਂਚੇ ਦੀਆਂ ਕਮੀਆਂ, ਜਲਵਾਯੂ ਪਰਿਵਰਤਨ ਦੀਆਂ ਸੰਵੇਦਨਸ਼ੀਲਤਾਵਾਂ ਅਤੇ ਆਧੁਨਿਕ ਯਾਤਰੀਆਂ ਦੀਆਂ ਵਧਦੀਆਂ ਉਮੀਦਾਂ, ਪਰ ਅੱਜ ਭਾਰਤ ਕੋਲ ਇਨ੍ਹਾਂ ਨਾਲ ਨਜਿੱਠਣ ਦੇ ਸਾਧਨ ਹਨ। ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਅਜਿਹੀਆਂ ਸੰਸਥਾਵਾਂ, ਵਿੱਤੀ ਮਾਡਲ ਅਤੇ ਸ਼ਾਸਨ ਵਿਵਸਥਾ ਤਿਆਰ ਕੀਤੇ ਹਨ ਜੋ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ।
ਅੱਗੇ ਵਧਦੇ ਹੋਏ, ਤਿੰਨ ਤਰਜੀਹਾਂ ਸਾਡਾ ਮਾਰਗਦਰਸ਼ਨ ਕਰਨਗੀਆਂ। ਸਾਨੂੰ ਸਥਿਰਤਾ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ, ਇਹ ਯਕੀਨੀ ਬਣਾਉਂਦੇ ਹੋਏ ਕਿ ਵਿਕਾਸ ਹਮੇਸ਼ਾ ਵਾਤਾਵਰਣ ਸਬੰਧੀ ਲਾਭ ਵੀ ਦੇਵੇ। ਸਾਨੂੰ ਲਾਭਾਂ ਨੂੰ ਲੋਕਤੰਤਰੀ ਬਣਾਉਣਾ ਹੋਵੇਗਾ, ਯਾਨੀ ਸਥਾਨਕ ਨੌਕਰੀਆਂ ਪੈਦਾ ਕਰਨ ਵਾਲੇ ਐੱਮਐੱਸਐੱਮਈ ਅਤੇ ਮੱਧ ਪੱਧਰ ਦੇ ਉੱਦਮਾਂ ਵਿੱਚ ਨਿਵੇਸ਼ ਕਰਨਾ ਹੋਵੇਗਾ। ਅਤੇ ਸਾਨੂੰ ਸ਼ਾਸਨ ਅਤੇ ਡੇਟਾ ਨੂੰ ਮਜ਼ਬੂਤ ਕਰਨਾ ਹੋਵੇਗਾ ਤਾਂ ਜੋ ਸੰਸਾਧਨਾਂ ਦਾ ਸੂਝ-ਬੂਝ ਨਾਲ ਪ੍ਰਬੰਧਨ ਹੋਵੇ ਅਤੇ ਸੰਪਤੀਆਂ ਦੀ ਰੱਖਿਆ ਹੋ ਸਕੇ।
ਭਾਰਤ ਦਾ ਅਨੁਭਵ ਇਹ ਸਾਬਤ ਕਰਦਾ ਹੈ ਕਿ ਜਦੋਂ ਸੁਸੰਗਤ ਨੀਤੀ, ਵਿੱਤੀ ਸੂਝ-ਬੂਝ ਅਤੇ ਭਾਈਚਾਰਕ ਭਾਗੀਦਾਰੀ ਦੂਰਦਰਸ਼ੀ ਅਗਵਾਈ ਦੇ ਤਹਿਤ ਇਕੱਠੇ ਹੁੰਦੇ ਹਨ, ਤਾਂ ਅਸਲੀ ਬਦਲਾਅ ਸੰਭਵ ਹੁੰਦਾ ਹੈ। ਇਸ ਵਰਲਡ ਟੂਰਿਜ਼ਮ ਡੇਅ ‘ਤੇ, ਆਓ ਅਸੀਂ ਇਹ ਪ੍ਰਣ ਲਈਏ ਕਿ ਜ਼ਿੰਮੇਵਾਰੀ ਨਾਲ ਯਾਤਰਾ ਕਰਾਂਗੇ, ਸਥਾਨਕ ਰੋਜ਼ਗਾਰ ਦਾ ਸਮਰਥਨ ਕਰਾਂਗੇ ਅਤੇ ਹਰ ਯਾਤਰਾ ਪ੍ਰੋਗਰਾਮ ਵਿੱਚ ਵਿਕਸਿਤ ਭਾਰਤ ਦੇ ਵਾਅਦੇ ਨੂੰ ਜੀਵੰਤ ਰੱਖਾਂਗੇ। ਸਹੀ ਢੰਗ ਨਾਲ ਪੋਸ਼ਿਤ ਟੂਰਿਜ਼ਮ ਨਾ ਸਿਰਫਡ ਸਾਡੀ ਅਰਥਵਿਵਸਥਾ ਦਾ ਥੰਮ੍ਹ ਬਣੇਗਾ, ਸਗੋਂ ਭਾਰਤ ਦੇ ਸੱਭਿਅਤਾਗਤ ਲੋਕ ਵਿਵਹਾਰ ਯਾਨੀ ਖੁੱਲ੍ਹਾ, ਸਹਿਣਸ਼ੀਲ ਅਤੇ ਪ੍ਰਾਹੁਣਚਾਰੀ ਦਾ ਜੀਵੰਤ ਪ੍ਰਮਾਣ ਵੀ ਬਣੇਗਾ। ਅੱਗੇ ਦੀ ਰਾਹ ਲੰਬੀ ਹੈ, ਪਰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਅਸੀਂ ਵਾਹਨ ਤਿਆਰ ਕਰ ਲਿਆ ਹੈ। ਹੁਣ ਸਾਨੂੰ ਇਸ ਨੂੰ ਸਾਵਧਾਨੀ, ਹਿੰਮਤ ਅਤੇ ਸਾਂਝੇ ਉਦੇਸ਼ ਦੀ ਭਾਵਨਾ ਨਾਲ ਚੱਲਣਾ ਹੋਵੇਗਾ।
(ਲੇਖਕ ਭਾਰਤ ਸਰਕਾਰ ਵਿੱਚ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਹਨ।)
3