ਰਾਣੀ ਦੁਰਗਾਵਤੀ : ਨਾਰੀ ਸ਼ਕਤੀ ਦੀ ਸਦੀਆਂ ਤੋਂ ਬਲਦੀ ਇੱਕ ਮਸ਼ਾਲ / ਸਾਵਿੱਤਰੀ ਠਾਕੁਰ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਭਾਰਤ ਸਰਕਾਰ .
ਰਾਣੀ ਦੁਰਗਾਵਤੀ: ਨਾਰੀ ਸ਼ਕਤੀ ਦੀ ਸਦੀਆਂ ਤੋਂ ਬਲਦੀ ਇੱਕ ਮਸ਼ਾਲ
ਭਾਰਤ ਦੇ ਮੰਤਰਾਲਿਆਂ, ਨੀਤੀਆਂ ਅਤੇ ਵੱਡੇ ਪ੍ਰੋਗਰਾਮਾਂ ਦੀ ਕਲਪਨਾ ਤੋਂ ਸਦੀਆਂ ਪਹਿਲਾਂ, ਗੋਂਡ ਸਾਮਰਾਜ ਦੀ ਇੱਕ ਨੌਜਵਾਨ ਕਬਾਇਲੀ ਰਾਣੀ ਸਭ ਤੋਂ ਅਗਲੇਰੇ ਮੋਰਚੇ ਡਟੀ ਰਹੀ - ਜਿਸ ਨੇ ਸਮਰਪਣ ਨਾਲੋਂ ਸਨਮਾਨ, ਹਿੰਮਤ ਅਤੇ ਫਰਜ਼ ਦਾ ਰਾਹ ਚੁਣਿਆ। ਭਾਰਤ ਵਿੱਚ ਬਹਾਦਰੀ ਅਤੇ ਸੂਰਮਗਤੀ ਦੇ ਪ੍ਰਤੀਕ ਵਜੋਂ ਯਾਦ ਕੀਤੀ ਜਾਂਦੀ ਰਾਣੀ ਦੁਰਗਾਵਤੀ ਅੱਜ ਵੀ ਜਨਤਕ ਜੀਵਨ, ਕਾਰੋਬਾਰ, ਵਿਗਿਆਨ ਅਤੇ ਸਿਵਲ ਸੇਵਾ ਵਿੱਚ ਔਰਤਾਂ ਨੂੰ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਦੀ 501ਵੀਂ ਜਨਮ ਜਯੰਤੀ 'ਤੇ ਅਸੀਂ ਉਸ ਗਾਥਾ ਅਤੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਯਾਦ ਕਰਦੇ ਹਾਂ ਜੋ 16ਵੀਂ ਸਦੀ ਦੇ ਯੁੱਧ ਦੇ ਮੈਦਾਨਾਂ ਤੋਂ ਲੈ ਕੇ ਆਧੁਨਿਕ ਭਾਰਤ ਦੀਆਂ ਨੀਤੀਆਂ ਤੱਕ, ਪ੍ਰੇਰਨਾ ਦਾ ਇੱਕ ਨਿਰੰਤਰ ਸਰੋਤ ਹਨ।
ਹੌਸਲੇ ਦੀ ਪ੍ਰਤੀਕ
ਰਾਣੀ ਦੁਰਗਾਵਤੀ ਦਾ ਜੀਵਨ ਇੱਕ ਦੰਤਕਥਾ ਬਣ ਗਿਆ ਕਿਉਂਕਿ ਉਨ੍ਹਾਂ ਨੇ ਇਤਿਹਾਸ ਵਿੱਚ ਇੱਕ ਨਿਰਜੀਵ ਹਸਤੀ ਬਣੇ ਰਹਿਣ ਤੋਂ ਇਨਕਾਰ ਕਰ ਦਿੱਤਾ। ਹਮਲਾਵਰ ਮੁਗ਼ਲ ਫੌਜਾਂ ਦਾ ਸਾਹਮਣਾ ਕਰਦੇ ਹੋਏ, ਉਨ੍ਹਾਂ ਨੇ ਆਪਣੇ ਰਾਜ ਅਤੇ ਲੋਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਇੱਕ ਔਰਤ ਜਿਸਨੇ ਅਗਵਾਈ ਕੀਤੀ, ਫੈਸਲੇ ਲਏ ਅਤੇ ਅੰਤ ਵਿੱਚ ਕੁਰਬਾਨੀ ਦਿੱਤੀ - ਰਾਣੀ ਦੁਰਗਾਵਤੀ ਨੇ ਆਪਣੇ ਆਪ ਨੂੰ ਇੱਕ ਖੇਤਰੀ ਸ਼ਾਸਕ ਤੋਂ ਇੱਕ ਰਾਸ਼ਟਰੀ ਪ੍ਰਤੀਕ ਤੱਕ ਉੱਚਾ ਚੁੱਕਿਆ। ਅੱਜ, ਭਾਵੇਂ ਉਨ੍ਹਾਂ ਨੂੰ ਲੋਕ-ਕਥਾਵਾਂ, ਯਾਦਗਾਰਾਂ ਜਾਂ ਮੱਧ ਭਾਰਤ ਦੇ ਸੱਭਿਆਚਾਰ ਵਿੱਚ ਯਾਦ ਕੀਤਾ ਜਾਵੇ, ਉਹ ਇਸ ਸੱਚਾਈ ਦੀ ਜਿਊਂਦੀ-ਜਾਗਦੀ ਮਿਸਾਲ ਹਨ ਕਿ ਅਗਵਾਈ ਕਿਸੇ ਲਿੰਗ ਤੱਕ ਸੀਮਤ ਨਹੀਂ।
ਪ੍ਰਤੀਕ ਤੋਂ ਨੀਤੀ ਤੱਕ: ਭਾਰਤ ਇਸ ਫਰਜ਼ ਨੂੰ ਨਿਭਾ ਰਿਹਾ ਹੈ
ਆਧੁਨਿਕ ਭਾਰਤ ਵਿੱਚ ਔਰਤਾਂ ਦੀ ਭਲਾਈ ਅਤੇ ਸਸ਼ਕਤੀਕਰਨ ਦਾ ਜੋ ਢਾਂਚਾ ਅੱਜ ਨਜ਼ਰ ਆਉਂਦਾ ਹੈ — ਜਿਸਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਸਬੰਧਤ ਵਿਭਾਗਾਂ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ — ਉਹ ਉਸੇ ਫ਼ਰਜ਼ ਭਾਵਨਾ ਅਤੇ ਲੋਕ ਜ਼ਿੰਮੇਵਾਰੀ ਤੋਂ ਪ੍ਰੇਰਿਤ ਹੈ, ਜਿਸ ਦੀ ਮਿਸਾਲ ਰਾਣੀ ਦੁਰਗਾਵਤੀ ਨੇ ਆਪਣੇ ਜੀਵਨ ਵਿੱਚ ਪੇਸ਼ ਕੀਤੀ ਸੀ। ਜਿਵੇਂ ਰਾਣੀ ਨੇ ਆਪਣੇ ਸਮੇਂ ਵਿੱਚ ਰਾਜ ਅਤੇ ਇਸਦੇ ਲੋਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਨਿਭਾਈ, ਅੱਜ ਦੀ ਸਰਕਾਰ ਔਰਤਾਂ ਦੇ ਅਧਿਕਾਰਾਂ, ਮੌਕਿਆਂ ਅਤੇ ਵੱਖ-ਵੱਖ ਮੋਰਚਿਆਂ 'ਤੇ ਬਰਾਬਰ ਭਾਗੀਦਾਰੀ ਦੀ ਰਾਖੀ ਅਤੇ ਪਸਾਰ ਕਰਨ ਲਈ ਵਚਨਬੱਧ ਹੈ।
ਸਿੱਖਿਆ ਅਤੇ ਸਮਾਜਿਕ ਬਰਾਬਰੀ : ਕੁੜੀਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਅਤੇ ਲਿੰਗ ਪਾੜੇ ਨੂੰ ਘਟਾਉਣ ਲਈ ਲਾਗੂ ਕੀਤੇ ਗਏ ਪ੍ਰੋਗਰਾਮ ਅੱਜ ਸਮਾਜ ਦੀ ਨੀਂਹ ਨੂੰ ਮਜ਼ਬੂਤ ਕਰ ਰਹੇ ਹਨ।
ਆਰਥਿਕ ਮਜ਼ਬੂਤੀ ਅਤੇ ਉੱਦਮਤਾ: ਹੁਨਰ ਵਿਕਾਸ ਪਹਿਲਕਦਮੀਆਂ ਤੋਂ ਲੈ ਕੇ ਕਰਜ਼ੇ ਅਤੇ ਬਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਵਾਲੀਆਂ ਯੋਜਨਾਵਾਂ ਔਰਤਾਂ ਨੂੰ ਉਦਯੋਗ ਅਤੇ ਕਾਰੋਬਾਰ ਵਿੱਚ ਅਗਵਾਈ ਵਾਲੀਆਂ ਭੂਮਿਕਾਵਾਂ ਨਿਭਾਉਣ ਦੇ ਯੋਗ ਬਣਾ ਰਹੀਆਂ ਹਨ। ਇਹ ਯਤਨ ਆਧੁਨਿਕ ਸ਼ਾਸਨ ਅਤੇ ਫੈਸਲਾ ਲੈਣ ਵਿੱਚ ਔਰਤਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾ ਰਹੇ ਹਨ।
ਸੁਰੱਖਿਆ ਅਤੇ ਕਾਨੂੰਨੀ ਸੁਰੱਖਿਆ: ਵੱਨ-ਸਟਾਪ ਸੈਂਟਰ ਅਤੇ ਵੱਖ-ਵੱਖ ਹੈਲਪਲਾਈਨ ਸੇਵਾਵਾਂ ਔਰਤਾਂ ਦੀ ਸੁਰੱਖਿਆ, ਆਤਮ-ਨਿਰਭਰਤਾ ਅਤੇ ਨਾਗਰਿਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਨ੍ਹਾਂ ਪਹਿਲਕਦਮੀਆਂ ਨੇ ਸਾਬਤ ਕੀਤਾ ਹੈ ਕਿ ਡਰ ਜਾਂ ਅਸੁਰੱਖਿਆ ਔਰਤ ਦੀ ਤਰੱਕੀ ਅਤੇ ਆਵਾਜ਼ ਨੂੰ ਦੱਬ ਨਹੀਂ ਕਰ ਸਕਦੀ।
ਸਿਹਤ ਅਤੇ ਜੱਚਾ ਦੇਖਭਾਲ: ਜੱਚਾ ਦੀ ਸਿਹਤ ਅਤੇ ਪੋਸ਼ਣ ਨਾਲ ਸਬੰਧਤ ਯੋਜਨਾਵਾਂ ਸਿਰਫ਼ ਸਿਹਤ ਸੰਭਾਲ ਤੱਕ ਹੀ ਸੀਮਤ ਨਹੀਂ ਹਨ, ਸਗੋਂ ਔਰਤਾਂ ਦੇ ਸੰਪੂਰਨ ਭਲੇ ਨੂੰ ਦਰਸਾਉਂਦੀਆਂ ਹਨ। ਇਹ ਯਤਨ ਔਰਤਾਂ ਨੂੰ ਸਿਹਤਮੰਦ, ਆਤਮ-ਵਿਸ਼ਵਾਸੀ ਅਤੇ ਲੀਡਰਸ਼ਿਪ ਭੂਮਿਕਾਵਾਂ ਨਿਭਾਉਣ ਲਈ ਸ਼ਕਤੀ ਪ੍ਰਦਾਨ ਕਰਦੇ ਹਨ।
ਜ਼ਮੀਨੀ ਪੱਧਰ 'ਤੇ ਸ਼ਾਸਨ ਅਤੇ ਪ੍ਰਤੀਨਿਧਤਾ: ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਪਹਿਲਕਦਮੀਆਂ ਲੋਕਤੰਤਰੀ ਸ਼ਾਸਨ ਨੂੰ ਵਧੇਰੇ ਸੰਮਲਿਤ ਬਣਾ ਰਹੀਆਂ ਹਨ। ਇਹ ਉਸੇ ਸਿਆਸੀ ਦ੍ਰਿਸ਼ਟੀਕੋਣ ਦੀ ਝਲਕ ਹੈ, ਜੋ ਰਾਣੀ ਦੁਰਗਾਵਤੀ ਨੇ ਆਪਣੇ ਰਾਜ ਨੂੰ ਚਲਾਉਣ ਵਿੱਚ ਦਿਖਾਇਆ ਸੀ।
ਜੀਵਨ ਅਤੇ ਪ੍ਰਾਪਤੀਆਂ ਵਿੱਚ ਮਾਪੀ ਗਈ ਤਰੱਕੀ
ਪਿਛਲੇ ਕੁਝ ਦਹਾਕਿਆਂ ਵਿੱਚ ਸ਼ਾਨਦਾਰ ਤਰੱਕੀ ਦੇਖੀ ਗਈ ਹੈ - ਔਰਤਾਂ ਦੀ ਸਾਖ਼ਰਤਾ ਅਤੇ ਕਾਰਜ ਬਲ ਭਾਗੀਦਾਰੀ ਵਿੱਚ ਵਾਧਾ, ਚੁਣੇ ਹੋਏ ਅਹੁਦਿਆਂ 'ਤੇ ਔਰਤਾਂ ਦੀ ਵਧਦੀ ਮੌਜੂਦਗੀ, ਉੱਦਮਤਾ ਵਿੱਚ ਤੇਜ਼ੀ ਨਾਲ ਉਭਾਰ ਅਤੇ ਸੁਰੱਖਿਆ ਅਤੇ ਬਰਾਬਰ ਮੌਕਿਆਂ ਪ੍ਰਤੀ ਸਮਾਜ ਦੀ ਵਧਦੀ ਸੰਵੇਦਨਸ਼ੀਲਤਾ ਨੇ ਭਾਰਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਇਹ ਬਦਲਾਅ ਸਿਰਫ਼ ਅੰਕੜੇ ਨਹੀਂ ਹਨ; ਇਹ ਰਾਣੀ ਦੁਰਗਾਵਤੀ ਦੇ ਜੀਵਨ ਵੱਲੋਂ ਸਿਖਾਏ ਗਏ ਸਿਧਾਂਤ ਦੇ ਆਧੁਨਿਕ ਪ੍ਰਗਟਾਵੇ ਹਨ: ਕਿ ਜਦੋਂ ਔਰਤਾਂ ਹਰ ਸਥਿਤੀ ਲਈ ਤਿਆਰ ਅਤੇ ਸਮਰੱਥ ਹੁੰਦੀਆਂ ਹਨ, ਤਾਂ ਉਹ ਸਮਾਜ ਨੂੰ ਨਵਾਂ ਸਰੂਪ ਦਿੰਦੀਆਂ ਹਨ।
ਰਾਣੀ ਦੁਰਗਾਵਤੀ ਦੀ ਵਿਰਾਸਤ ਇੱਕ ਬੁਨਿਆਦ
ਰਾਣੀ ਦੁਰਗਾਵਤੀ ਦੀ ਮਿਸਾਲ ਨੂੰ ਖ਼ਾਸ ਤੌਰ 'ਤੇ ਮਹੱਤਵਪੂਰਨ ਬਣਾਉਂਦਾ ਹੈ ਉਨ੍ਹਾਂ ਦਾ ਦੋਹਰਾ ਸਰੂਪ - ਨੈਤਿਕ ਅਤੇ ਵਿਹਾਰਕ। ਨੈਤਿਕ ਪੱਧਰ 'ਤੇ ਉਹ ਮਾਣ, ਹਿੰਮਤ ਅਤੇ ਜ਼ਿੰਮੇਵਾਰੀ ਦੀ ਪ੍ਰਤੀਕ ਹਨ, ਜਦਕਿ ਵਿਹਾਰਕ ਪੱਧਰ 'ਤੇ, ਉਨ੍ਹਾਂ ਦਾ ਜੀਵਨ ਔਰਤਾਂ ਨੂੰ ਫੈਸਲਾ ਲੈਣ ਵਾਲਿਆਂ ਅਤੇ ਲੋਕ ਭਲਾਈ ਦੀਆਂ ਰਾਖੀਆਂ ਵਜੋਂ ਸਥਾਪਿਤ ਕਰਦਾ ਹੈ। ਇਹ ਦੋਹਰੀ ਵਿਰਾਸਤ ਪੀੜ੍ਹੀਆਂ ਤੋਂ ਭਾਰਤ ਦੀ ਨਾਗਰਿਕ ਚੇਤਨਾ ਦਾ ਹਿੱਸਾ ਰਹੀ ਹੈ ਅਤੇ ਔਰਤਾਂ ਦੀ ਮਜ਼ਬੂਤੀ ਲਈ ਨੀਤੀਆਂ ਅਤੇ ਪਹਿਲਕਦਮੀਆਂ ਨੂੰ ਸਮਾਜ ਨਾਲ ਡੂੰਘਾਈ ਤੋਂ ਜੋੜਨ ਵਿੱਚ ਮਦਦ ਕੀਤੀ ਹੈ।
"ਵਿਕਸਿਤ ਭਾਰਤ" ਲਈ ਇੱਕ ਨਵਾਂ ਦ੍ਰਿਸ਼ਟੀਕੋਣ
ਜਿਵੇਂ-ਜਿਵੇਂ ਦੇਸ਼ "ਵਿਕਸਿਤ ਭਾਰਤ" ਬਣਨ ਵੱਲ ਵਧ ਰਿਹਾ ਹੈ, ਇਸ ਨੂੰ ਵਿਕਾਸ ਨੂੰ ਔਰਤਾਂ ਦੀ ਭਾਗੀਦਾਰੀ ਦੇ ਪੈਮਾਨੇ ਅਤੇ ਬਰਾਬਰੀ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ। "ਮਹਿਲਾ-ਕੇਂਦ੍ਰਿਤ ਵਿਕਸਿਤ ਭਾਰਤ" ਵਿੱਚ, ਔਰਤਾਂ ਦੀ ਮੁਕੰਮਲ ਭਾਗੀਦਾਰੀ ਨੂੰ ਵਿਕਾਸ ਲਈ ਸਿਰਫ਼ ਇੱਕ ਵਾਧੂ ਸਾਧਨ ਨਹੀਂ, ਸਗੋਂ ਵਿਕਾਸ ਦਾ ਇੱਕ ਮੁੱਖ ਸੂਚਕ ਮੰਨਿਆ ਜਾਵੇਗਾ। ਵਿਹਾਰਕ ਸ਼ਬਦਾਂ ਵਿੱਚ, ਇਸਦਾ ਭਾਵ ਹੈ ਕਿ ਕਿਸੇ ਦੇਸ਼ ਦੀ ਤਰੱਕੀ ਨੂੰ ਨਾ ਸਿਰਫ਼ ਮੁੱਖ ਭਲਾਈ ਸੂਚਕਾਂ ਨਾਲ ਮਾਪਿਆ ਜਾਵੇਗਾ, ਸਗੋਂ ਔਰਤਾਂ ਦੀ ਅਗਵਾਈ ਅਤੇ ਵੱਖ-ਵੱਖ ਖੇਤਰਾਂ - ਬੋਰਡਾਂ, ਜਨਤਕ ਸੇਵਾ ਅਤੇ ਭਾਈਚਾਰਕ ਸੰਸਥਾਵਾਂ - ਵਿੱਚ ਸਰਗਰਮ ਭਾਗੀਦਾਰੀ ਤੋਂ ਵੀ ਮਾਪਿਆ ਜਾਵੇਗਾ।
ਇਸ ਤਰ੍ਹਾਂ ਧਿਆਨ ਉਨ੍ਹਾਂ ਨੀਤੀਆਂ ਨੂੰ ਤਰਜੀਹ ਦੇਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਜੋ ਬਿਨਾਂ ਭੁਗਤਾਨ ਦੇਖਭਾਲ ਦੇ ਬੋਝ - ਬੱਚਿਆਂ ਦੀ ਦੇਖਭਾਲ, ਬਜ਼ੁਰਗਾਂ ਦੀ ਦੇਖਭਾਲ ਅਤੇ ਭਾਈਚਾਰਕ ਸਹਾਇਤਾ - ਨੂੰ ਘਟਾਉਂਦੀਆਂ ਹਨ ਤਾਂ ਜੋ ਔਰਤਾਂ ਕੋਲ ਜਨਤਕ ਅਤੇ ਆਰਥਿਕ ਖੇਤਰਾਂ ਵਿੱਚ ਸਰਗਰਮ ਭਾਗੀਦਾਰੀ ਲਈ ਭਰਪੂਰ ਸਮਾਂ ਹੋਵੇ।
ਇਸ ਤਰ੍ਹਾਂ, ਅਤੀਤ ਦੇ ਹੌਸਲੇ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜੋੜਦੇ ਹੋਏ, ਰਾਣੀ ਦੁਰਗਾਵਤੀ ਦੀ ਕਹਾਣੀ ਸਿਰਫ਼ ਇੱਕ ਵਿਰਾਸਤ ਨਹੀਂ ਹੈ, ਸਗੋਂ ਭਾਰਤ ਕੀ ਬਣ ਸਕਦਾ ਹੈ, ਇਸਦਾ ਇੱਕ ਜਿਉਂਦਾ-ਜਾਗਦਾ ਪ੍ਰਮਾਣ ਹੈ। ਉਨ੍ਹਾਂ ਦੀ ਹਿੰਮਤ ਇਹ ਸੁਨੇਹਾ ਦਿੰਦੀ ਹੈ ਕਿ ਔਰਤਾਂ ਨੂੰ ਜਨਤਕ ਜੀਵਨ ਅਤੇ ਭਵਿੱਖ ਨੂੰ ਸਰੂਪ ਦੇਣ ਦਾ ਬਰਾਬਰ ਅਧਿਕਾਰ ਹੈ। ਅੱਜ, ਭਾਰਤ ਦੇ ਮੰਤਰਾਲਿਆਂ, ਨਾਗਰਿਕ ਸਮਾਜ ਅਤੇ ਨਾਗਰਿਕਾਂ ਨੂੰ - ਸਕੂਲਾਂ ਅਤੇ ਹਸਪਤਾਲਾਂ ਰਾਹੀਂ, ਕਾਨੂੰਨਾਂ ਅਤੇ ਰੋਜ਼ੀ-ਰੋਟੀ ਰਾਹੀਂ, ਸੁਰੱਖਿਅਤ ਸੜਕਾਂ ਅਤੇ ਬਰਾਬਰ ਬੋਰਡਾਂ ਰਾਹੀਂ ਇਸ ਦਾਅਵੇ ਨੂੰ ਰੋਜ਼ਾਨਾ ਦੀ ਹਕੀਕਤ ਵਿੱਚ ਬਦਲਣ ਦਾ ਜ਼ਿੰਮਾ ਸੌਂਪਿਆ ਗਿਆ ਹੈ। ਜੇਕਰ ਇੱਕ ਵਿਕਸਿਤ ਭਾਰਤ ਦੀ ਨਬਜ਼ ਔਰਤਾਂ ਦੀ ਸ਼ਕਤੀ ਵਲੋਂ ਮਾਪੀ ਜਾਂਦੀ ਹੈ, ਤਾਂ ਰਾਣੀ ਦੁਰਗਾਵਤੀ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਸ ਤਾਕਤ ਨੂੰ ਹਰ ਔਰਤ ਤੱਕ ਪਹੁੰਚਾਇਆ ਜਾਵੇ।
ਅੰਤ ਵਿੱਚ, ਰਾਣੀ ਦੀ ਸਭ ਤੋਂ ਵੱਡੀ ਵਿਰਾਸਤ ਇੱਕ ਪੱਥਰ ਦੀ ਯਾਦਗਾਰ ਨਹੀਂ ਹੈ, ਸਗੋਂ ਇੱਕ ਅਜਿਹਾ ਰਾਸ਼ਟਰ ਹੈ ਜਿੱਥੇ ਲੱਖਾਂ ਔਰਤਾਂ ਜੀਵਨ ਦੇ ਹਰ ਖੇਤਰ ਵਿੱਚ ਅਗਵਾਈ ਕਰਨ - ਭਾਵੇਂ ਉਹ ਘਰ ਹੋਵੇ, ਬਜ਼ਾਰ ਹੋਵੇ, ਵਿਗਿਆਨ ਹੋਵੇ, ਜਾਂ ਸ਼ਾਸਨ ਹੋਵੇ। ਉਹ ਹਿੰਮਤ ਅਤੇ ਅਗਵਾਈ ਦੀ ਇਸ ਪ੍ਰੰਪਰਾ ਨੂੰ 21ਵੀਂ ਸਦੀ ਵਿੱਚ ਅੱਗੇ ਵਧਾਉਣ।
ਲੇਖਕਾ: ਸਾਵਿਤਰੀ ਠਾਕੁਰ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ, ਭਾਰਤ ਸਰਕਾਰ
***