Protest Rallies Tomorrow .

ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਅਦਾਰੇ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਭਲਕੇ ਕਰਨਗੇ ਰੋਸ ਰੈਲੀਆਂ 
--------------------------------
ਝੋਨੇ ਦੀ ਪਰਾਲੀ ਸਾੜਣ ਤੋਂ ਰੋਕਣ ਲਈ ਬਿਜਲੀ ਮੁਲਾਜ਼ਮਾਂ ਦੀਆਂ ਡਿਊਟੀਆਂ ਕੱਟਣ ਦੀ ਜੋਰਦਾਰ ਮੰਗ 
--------------------------------
ਸੰਘਰਸ਼ ਦੀ ਅਗਲੀ ਰਣਨੀਤੀ ਲਈ 12 ਅਕਤੂਬਰ ਨੂੰ ਸਮੂੰਹ ਜਥੇਬੰਦੀਆਂ ਨੇ ਲੁਧਿਆਣੇ ਹੰਗਾਮੀ ਮੀਟਿੰਗ ਸੱਦੀ 
--------------------------------
ਲੁਧਿਆਣਾ  8 ਅਕਤੂਬਰ ----------------- ਪਾਵਰਕਾਮ ਅਦਾਰੇ ਦੀਆਂ ਬਹੁਤ ਕੀਮਤੀ ਜਾਇਦਾਦਾਂ ਜੋ ਕਈ ਦਹਾਕੇ ਪਹਿਲਾਂ ਜਿਆਦਾਤਰ ਪੰਚਾਇਤਾਂ ਵੱਲੋਂ ਦਫਤਰ ਅਤੇ ਗਰਿੱਡ ਬਣਾਉਣ ਲਈ ਉਸ ਵਕਤ ਬਿਜਲੀ ਬੋਰਡ ਨੂੰ ਦਾਨ ਵਜੋਂ ਦਿੱਤੀਆਂ ਸਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੇਚਣ ਦੀਆਂ ਵਿਉਂਤਬੰਦੀਆਂ ਬਣਾ ਰਹੀ ਹੈ। 
   ਜਿਸ ਦੇ ਖਿਲਾਫ਼ ਅਦਾਰੇ ਦੀਆਂ ਸੰਘਰਸ਼ਸ਼ੀਲ  ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਪੀਐਸਈਬੀ ਇੰਪਲਾਈਜ਼ ਜੁਆਇੰਟ ਫੋਰਮ  ,ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ  , ਐਸੋਸ਼ੀਏਸਨ ਆਫ ਜੂਨੀਅਰ ਇੰਜੀਨੀਅਰ  ,ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ: 24) , ਪਾਵਰਕਾਮ ਅਤੇ ਟ੍ਰਾਂਸ਼ਕੋ ਪੈਨਸ਼ਨਰ ਯੂਨੀਅਨ ਪੰਜਾਬ  (ਸਬੰਧਤ ਏਟਕ) ,ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਦੇ ਆਗੂਆਂ ਦੀ ਹੰਗਾਮੀ ਮੀਟਿੰਗ  ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਕੱਲ੍ਹ 9 ਅਕਤੂਬਰ ਨੂੰ ਸਮੁੱਚੇ ਪੰਜਾਬ ਵਿੱਚ ਡਵੀਜ਼ਨ ਪੱਧਰ ਤੇ ਰੋਸ ਰੈਲੀਆਂ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਇਸ ਲੋਕ -ਮੁਲਾਜ਼ਮ - ਪੈਨਸ਼ਨਰ ਵਿਰੋਧੀ ਨੀਤੀ ਵਿਰੁੱਧ ਅਵਾਜ਼ ਬੁਲੰਦ ਕੀਤੀ ਜਾਵੇਗੀ । ਇਸ ਮੀਟਿੰਗ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ 12 ਅਕਤੂਬਰ ਨੂੰ ਲੁਧਿਆਣੇ ਹੰਗਾਮੀ ਮੀਟਿੰਗ ਸੱਦਣ ਦਾ ਐਲਾਨ ਕੀਤਾ। ਮੀਟਿੰਗ ਵਿੱਚ ਹਾਜ਼ਰ ਆਗੂਆਂ ਹਰਪਾਲ ਸਿੰਘ  , ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਸਰਬਜੀਤ ਸਿੰਘ ਭਾਣਾ, ਸਰਿੰਦਰ ਪਾਲ ਲਹੌਰੀਆ, ਬਲਜੀਤ ਸਿੰਘ ਮੋਦਲਾ, ਦਵਿੰਦਰ ਸਿੰਘ ਪਿਸੋਰ , ਤਜਿੰਦਰ ਸਿੰਘ ਸੇਖੋਂ  , ਜਸਬੀਰ ਸਿੰਘ ਆਂਡਲੂ  , ਹਰਮਨਦੀਪ , ਰਾਧੇਸ਼ਿਆਮ  , ਬਾਬਾ ਅਮਰਜੀਤ ਸਿੰਘ  ,ਦਲੀਪ ਕੁਮਾਰ  , ਰਘਬੀਰ ਸਿੰਘ , ਰਛਪਾਲ ਸਿੰਘ ਪਾਲੀ  , ਜਸਵਿੰਦਰ ਸਿੰਘ ,ਪਵਨਪ੍ਰੀਤ ਸਿੰਘ  ,ਗੁਰਪਿਆਰ ਸਿੰਘ ਆਦਿ ਨੇ  ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ  12 ਅਕਤੂਬਰ ਦੀ ਮੀਟਿੰਗ ਵਿੱਚ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਹਾਕਮਾਂ ਨੂੰ ਅਦਾਰੇ  ਦੀਆਂ ਜਾਇਦਾਦਾਂ ਵੇਚਣ ਦੀ ਤਜਵੀਜ਼ ਖਿਲਾਫ਼  ਸੰਘਰਸ਼ਾਂ ਦੇ ਬੱਲਬੂਤੇ ਵੱਡੀ ਲਹਿਰ ਖੜੀ ਕੀਤੀ ਜਾਵੇਗੀ। 
   ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਝੋਨੇ ਦੀ ਪਰਾਲੀ ਨੂੰ ਸਾੜੇ ਜਾਣ ਤੋਂ ਰੋਕਣ ਲਈ ਧੱਕੇ ਨਾਲ ਲਗਾਈਆਂ ਡਿਊਟੀਆਂ ਨਾਂ ਕੱਟੀਆਂ ਤਾਂ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ  ਵੀ ਸੰਘਰਸ਼ਾਂ ਰਾਹੀਂ ਦਿੱਤਾ ਜਾਵੇਗਾ ।