Dr Faqir Chand Shukla creamated .
ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭੋਜਨ ਵਿਗਿਆਨੀ ਤੇ ਪੰਜਾਬੀ ਲੇਖਕ ਡਾ. ਫਕੀਰ ਚੰਦ ਸ਼ੁਕਲਾ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
ਵੱਖ ਵੱਖ ਸਾਹਿੱਤਕ ਸੰਸਥਾਵਾਂ ਨੇ ਫੁੱਲ ਮਾਲਾਵਾਂ ਤੇ ਦੋਸ਼ਾਲੇ ਪਹਿਨਾ ਕੇ ਅਲਵਿਦਾ ਕਿਹਾ
ਲੁਧਿਆਣਾ, 9 ਅਕਤੂਬਰ (ਤਮੰਨਾ ਬੇਦੀ)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਤਕਨਾਲੋਜੀ ਵਿਭਾਗ ਦੇ ਸੀਨੀਅਰ ਪ੍ਹੋਫੈਸਰ ਤੇ ਉੱਘੇ ਪੰਜਾਬੀ ਲੇਖਕ ਡਾ. ਫ਼ਕੀਰ ਚੰਦ ਸ਼ੁਕਲਾ ਦਾ ਦੇਹਾਂਤ ਉਦਾਸ ਕਰ ਗਿਆ ਹੈ। ਉਹ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦਿਆਂ ਯੰਗ ਰਾਈਟਰਜ਼ ਅਸੋਸੀਏਸ਼ਨ ਦੇ ਮੋਢੀਆਂ ਵਿੱਚੋਂ ਇੱਕ ਬਣੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਹੋਣ ਕਰਕੇ ਉਹ ਪੰਜਾਬੀ ਭਵਨ ਲੁਧਿਆਣਾ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਸਨ। ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਕੌਮੀ ਪੱਧਰ ਤੇ ਸਨਮਾਨ ਮਿਲਿਆ ਸੀ। ਵਿਗਿਆਨਕ ਸਾਹਿੱਤ ਸਿਰਜਣ ਵਿੱਚ ਵੀ ਉਹ ਸਿਰਮੌਰ ਸਨ। ਇਹ ਵਿਚਾਰ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਡਾ. ਸ਼ੁਕਲਾ ਦੇ ਲਗਪਗ 21 ਸਾਲ ਪੀ ਏ ਯੂ ਵਿੱਚ ਸਹਿਕਰਮੀ ਰਹੇ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਅੰਤਿਮ ਸੰਸਕਾਰ ਉਪਰੰਤ ਕਹੇ। ਡਾ. ਸ਼ੁਕਲਾ ਦੀ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਅਮਿਤੇਸ਼ ਸ਼ੁਕਲਾ ਨੇ ਵਿਖਾਈ। ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਡਾ. ਫ਼ਕੀਰ ਚੰਦ ਸ਼ੁਕਲਾ ਦੀ ਦੇਹ ਤੇ ਦੇਸ਼ਾਲਾ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਅਗਵਾਈ ਵਿੱਚ ਡਾ. ਗੁਰਚਰਨ ਕੌਰ ਕੋਚਰ, ਕੇ ਸਾਧੂ ਸਿੰਘ, ਅਮਰਜੀਤ ਸ਼ੇਰਪੁਰੀ , ਸ. ਮਲਕੀਅਤ ਸਿੰਘ ਔਲਖ ਨੇ ਸਮੂਹ ਮੈਂਬਰਾਂ ਵੱਲੋਂ ਭੇਂਟ ਕੀਤਾ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਦੋਸ਼ਾਲਾ ਪ੍ਹੋ. ਗੁਰਭਜਨ ਸਿੰਘ ਗਿੱਲ, ਡਾ. ਗੁਰਇਕਬਾਲ ਸਿੰਘ, ਪ੍ਹੋ. ਰਵਿੰਦਰ ਸਿੰਘ ਭੱਠਲ ਤੇ ਡਾ. ਸਰਜੀਤ ਸਿੰਘ ਗਿੱਲ ਨੇ ਭੇਂਟ ਕੀਤਾ।
ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.)ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) , ਪ੍ਰਗਤੀਸ਼ੀਲ ਲੇਖਕ ਸੰਘ, ਸਿਰਜਣਧਾਰਾ, ਬਿਜਲੀ ਬੋਰਡ ਲੇਖਕ ਸਭਾ, ਜਨਵਾਦੀ ਕਵਿਤਾ ਮੰਚ, ਸ਼੍ਰੋਮਣੀ ਪੰਜਾਬੀ ਲਿਖਾਰੀ ਬੋਰਡ(ਰਜਿ.) ਪੰਜਾਬੀ ਲੇਖਕ ਕਲਾਕਾਰ ਸੋਸਾਇਟੀ, ਵਿਸ਼ਵ ਪੰਜਾਬੀ ਸਭਾ ਟੋਰੰਟੋ, ਵਿਸ਼ਵ ਪੰਜਾਬੀ ਕਾਂਗਰਸ(ਰਜਿ.) ਪੀ ਏ ਯੂ ਰੀਟਾਇਰਡ ਟੀਚਰਜ਼ ਅਸੋਸੀਏਸ਼ਨ ਦੇ ਪ੍ਹਤੀਨਿਧਾਂ ਨੇ ਆਪੋ ਆਪਣੀਆਂ ਸੰਸਥਾਵਾਂ ਵੱਲੋਂ ਅਕੀਦਤ ਦੇ ਫੁੱਲ ਭੇਂਟ ਕੀਤੇ।
ਡਾ. ਫ਼ਕੀਰ ਚੰਦ ਸ਼ੁਕਲਾ ਬਾਰੇ ਜਾਣਕਾਰੀ ਦੇਂਦਿਆਂ ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣਾ 81ਵਾਂ ਜਨਮ ਦਿਨ ਮਨਾਇਆ ਸੀ। ਡਾ. ਸ਼ੁਕਲਾ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਚ ਲਿਖਣ ਵਾਲੇ ਵਿਗਿਆਨ ਲੇਖਕ ਸਨ ਅਤੇ ਆਪਣੀਆਂ ਬਾਲ ਸਾਹਿਤ ਦੀਆਂ ਲਿਖਤਾਂ ਲਈ ਵੀ ਪ੍ਹਸਿੱਧ ਸਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਭੋਜਨ ਤਕਨਾਲੋਜੀ ਦੇ ਸੇਵਾਮੁਕਤ ਪ੍ਰੋਫ਼ੈਸਰ ਹੋਣ ਕਾਰਨ ਉਹਨਾਂ ਨੇ ਭੋਜਨ ਅਤੇ ਪੋਸ਼ਣ ਬਾਰੇ ਨਿਕੀਆਂ ਕਹਾਣੀਆਂ, ਨਾਟਕ ਅਤੇ ਬਾਲ ਸਾਹਿਤ ਦੀਆਂ 30 ਕਿਤਾਬਾਂ ਲਿਖੀਆਂ। ਦੇ ਇਲਾਵਾ ਅੰਗਰੇਜ਼ੀ, ਇਸ ਦੇ ਇਲਾਵਾ ਉਨ੍ਹਾਂ ਹਿੰਦੀ ਅਤੇ ਪੰਜਾਬੀ ਵਿੱਚ ਭੋਜਨ ਅਤੇ ਪੋਸ਼ਣ ਬਾਰੇ 400 ਤੋਂ ਵੱਧ ਲੇਖ ਲਿਖੇ।
ਡਾ. ਸ਼ੁਕਲਾ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦੇਂਦਿਆਂ ਉਨ੍ਹਾਂ ਦੇ ਨਿਕਟਵਰਤੀ ਸਨੇਹੀ ਪ੍ਹਭਕਿਰਨ ਸਿੰਘ ਤੂਫ਼ਾਨ ਨੇ ਦੱਸਿਆ ਕਿ ਡਾ. ਫ਼ਕੀਰ ਚੰਦ ਸ਼ੁਕਲਾ ਜੀ ਨੇ
ਪੰਖ ਕਟੀ ਗੌਰਈਆ (ਨਾਵਲ),
ਅਲੱਗ ਅਲੱਗ ਸੰਦਰਭ (ਨਾਵਲ),
.ਕੈਸੇ ਲੱਗੇ ਮਨ (ਨਾਵਲ),ਬੰਦ ਖਿੜਕੀਓਂ ਵਾਲਾ ਮਨ (ਨਿਕੀਆਂ ਕਹਾਣੀਆਂ),ਵਿਸ਼ਪਾਨ (ਨਿਕੀਆਂ ਕਹਾਣੀਆਂ)ਜੋਤ ਸੇ ਜੋਤ ਜਲੇ (ਨਾਟਕ)ਅੰਧੇਰੀ ਸੁਰੰਗ (ਨਾਟਕ)
ਪੇੜਾਂ ਕੇ ਬੀਜ (ਨਾਟਕ)ਨਈ ਸੁਬਹ (ਕਹਾਣੀਆਂ) ਤੋਂ ਇਲਾਵਾ ਕੁਝ ਨਾਟਕ ਵੀ ਲਿਖੇ ਜਿੰਨ੍ਹਾਂ ਵਿੱਚੋਂ
ਡਾਕਟਰ ਬੀਜੀ ਅਤੇ ਹੋਰ ਵਿਗਿਆਨਕ ਬਾਲ ਨਾਟਕ,ਗਰਮਾ ਗਰਮ ਪਕੌੜੇ, ਹੈਪੀ ਬਰਡੇ ਅਤੇ
ਜਦੋ ਰੋਸ਼ਨੀ ਹੋਈ ਮਸ਼ਹੂਰ ਹਨ। ਰੇਡੀਓ ਤੇ ਟੀ ਵੀ ਨੇ ਉਨ੍ਹਾਂ ਦੇ ਕਈ ਨਾਟਕਾਂ ਨੂੰ ਲੜੀਵਾਰ ਪੇਸ਼ ਕੀਤਾ।
ਡਾ. ਫ਼ਕੀਰ ਚੰਦ ਸ਼ੁਕਲਾ ਦੇ ਅੰਤਿਮ ਸੰਸਕਾਰ ਮੌਕੇ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਜ਼ੋਰਾ ਸਿੰਘ ਬਰਾੜ, ਡਾ. ਹਰਦੀਪ ਸਿੰਘ ਸੁਰ, ਡਾ. ਵੀ ਕੇ ਦਿਲਾਵਰੀ, ਡਾ. ਰਮੇਸ਼ ਸਦਾਵਰਤੀ, ਡਾ. ਨਾਨਕ ਸਿੰਘ, ਹਰਿੰਦਰ ਸਿੰਘ ਭੁੱਲਰ, ਡਿਪਟੀ ਡਾਇਰੈਕਟਰ ਸਪੋਰਟਸ, ਅਨਿਲ ਦੱਤ, ਡਾ. ਬਲਬੀਰ ਸਿੰਘ ਸਿੱਧੂ, ਸਾਬਕਾ ਡਾਇਰੈਕਟਰ ਐਗਰੀਕਲਚਰ , ਚਰਨ ਸਿੰਘ ਪੀ ਏ ਯੂ, ਬਲਦੇਵ ਸਿੰਘ ਪੰਜਾਬ ਐਂਡ ਸਿੰਧ ਬੈਂਕ ਸਮੇਤ ਹਜ਼ਾਰਾਂ ਸ਼ੁਭ ਚਿੰਤਕਾਂ ਨੇ ਡਾ. ਸ਼ੁਕਲਾ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ।