ਪੰਜਾਬ ਰਾਜ ਨੇ ਨਾਕੋ ਦੀ ਰਾਸ਼ਟਰੀ ਨੀਤੀ ਨੂੰ ਗਤੀ ਦੇਣ ਲਈ ਜ਼ਿਲ੍ਹਾ ਆਧਾਰਿਤ ਐਚਆਈਵੀ ਪ੍ਰਤੀਕਿਰਿਆ ਨੂੰ ਹੋਰ ਮਜ਼ਬੂਤ ਕੀਤਾ.


ਪ੍ਰਮੁੱਖ 21 ਜ਼ਿਲ੍ਹਿਆਂ ਨੇ ਟਾਰਗੇਟਿਡ ਅਤੇ ਡਾਟਾ ਆਧਾਰਿਤ ਕਾਰਵਾਈ ਰਾਹੀਂ 95-95-99 ਟੀਚਿਆਂ ਨੂੰ ਹਾਸਲ ਕਰਨ ਲਈ ਰਣਨੀਤੀਆਂ ਲਾਗੂ ਕੀਤੀਆਂ ਹਨ

ਜ਼ੀਰਕਪੁਰ, 16 ਅਪ੍ਰੈਲ 2026 (ਬਿਊਰੋ) : ਐੱਚਆਈਵੀ ਨਿਯੰਤਰਣ ਵਿੱਚ ਵਧੇਰੇ ਅਸਰ ਵਾਲੇ ਜ਼ਿਲ੍ਹਿਆਂ ਉੱਤੇ ਖਾਸ ਧਿਆਨ ਕੇਂਦ੍ਰਿਤ ਕਰਦਿਆਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਅਧੀਨ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਨਾਕੋ) ਨੇ ਅੱਜ ਚੰਡੀਗੜ੍ਹ ਵਿੱਚ ਇੱਕ ਉੱਚ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ ਨੂੰ ਇੱਕ ਮੰਚ ਉੱਤੇ ਲਿਆ ਕੇ 95-95-99 ਟੀਚਿਆਂ ਨੂੰ ਹਾਸਲ ਕਰਨ ਲਈ ਟਾਰਗੇਟਿਡ ਅਤੇ ਡਾਟਾ ਆਧਾਰਿਤ ਕਾਰਵਾਈ ਨੂੰ ਹੋਰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਗਿਆ।

ਮੀਟਿੰਗ ਦੀ ਅਗਵਾਈ ਡਾ. ਰਾਕੇਸ਼ ਗੁਪਤਾ, ਵਧੀਕ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਅਤੇ ਡਾਇਰੈਕਟਰ ਜਨਰਲ, ਨਾਕੋ ਨੇ ਕੀਤੀ। ਇਸ ਮੌਕੇ ਉੱਤੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸ਼ਾਸਨ ਸਕੱਤਰ ਸ਼੍ਰੀ ਕੁਮਾਰ ਰਾਹੁਲ ਸਮੇਤ ਰਾਜ ਅਤੇ ਜ਼ਿਲ੍ਹਾ ਪੱਧਰ ਦੇ ਸੀਨੀਅਰ ਪ੍ਰੋਗਰਾਮ ਅਧਿਕਾਰੀ ਵੀ ਹਾਜ਼ਰ ਰਹੇ।

ਡਾ. ਰਾਕੇਸ਼ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਪੰਜਾਬ ਵਰਗੇ ਰਾਜਾਂ ਵਿੱਚ ਜਿੱਥੇ ਇੰਜੈਕਸ਼ਨ ਰਾਹੀਂ ਨਸ਼ਾ ਲੈਣਾ ਐੱਚਆਈਵੀ ਫੈਲਾਉਣ ਵਿੱਚ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ, ਉੱਥੇ ਸਾਡੀ ਪ੍ਰਤੀਕਿਰਿਆ ਤੁਰੰਤ ਅਤੇ ਤੀਖੀ ਹੋਣੀ ਚਾਹੀਦੀ ਹੈ। ਡਾਟਾ ਉੱਤੇ ਆਧਾਰਿਤ ਜ਼ਿਲ੍ਹਾ ਪੱਧਰੀ ਰਣਨੀਤੀਆਂ ਅਤੇ ਹੋਰ ਸਿਹਤ ਸੇਵਾਵਾਂ ਨਾਲ ਤਾਲਮੇਲ ਇਸ ਸਥਿਤੀ ਨੂੰ ਬਦਲਣ ਲਈ ਬਹੁਤ ਜ਼ਰੂਰੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਿਆਂ ਨੂੰ ਵਧੇਰੇ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਣਾ ਰਾਸ਼ਟਰੀ ਟੀਚਿਆਂ ਨੂੰ ਲੋਕਲ ਪੱਧਰ ਉੱਤੇ ਠੋਸ ਨਤੀਜਿਆਂ ਵਿੱਚ ਬਦਲਣ ਲਈ ਬਹੁਤ ਅਹਿਮ ਹੋਵੇਗਾ।

ਇਹ ਵਰਕਸ਼ਾਪ ਰਾਜਾਂ ਵਿੱਚ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਢਾਂਚਾਗਤ ਪਹਿਲਾਂ ਦੀ ਲੜੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਵਿਕੇਂਦਰੀਕ੍ਰਿਤ ਅਤੇ ਡਾਟਾ ਆਧਾਰਿਤ ਢੰਗ ਰਾਹੀਂ ਉੱਚ ਬੋਝ ਵਾਲੇ ਜ਼ਿਲ੍ਹਿਆਂ ਵਿੱਚ ਐੱਚਆਈਵੀ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨਾ ਹੈ। ਪੰਜਾਬ, ਜਿੱਥੇ ਐੱਚਆਈਵੀ ਫੈਲਾਅ ਦਰ 0.42% ਹੈ ਅਤੇ ਲਗਭਗ 1,10,715 ਲੋਕ ਐੱਚਆਈਵੀ ਨਾਲ ਜੀ ਰਹੇ ਹਨ, ਇਸ ਟਾਰਗੇਟਿਡ ਰਣਨੀਤੀ ਤਹਿਤ ਇੱਕ ਪ੍ਰਮੁੱਖ ਰਾਜ ਬਣਿਆ ਹੋਇਆ ਹੈ।

ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੁੱਲ 21 ਪ੍ਰਮੁੱਖ ਜ਼ਿਲ੍ਹਿਆਂ — ਤਰਨ ਤਾਰਨ, ਅੰਮ੍ਰਿਤਸਰ, ਮੋਗਾ, ਪਠਾਨਕੋਟ, ਮਾਨਸਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਹੁਸ਼ਿਆਰਪੁਰ, ਐੱਸ.ਏ.ਐੱਸ. ਨਗਰ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਬਰਨਾਲਾ, ਫਰੀਦਕੋਟ, ਸੰਗਰੂਰ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ, ਫਿਰੋਜ਼ਪੁਰ, ਬਠਿੰਡਾ, ਰੂਪਨਗਰ ਅਤੇ ਸ਼੍ਰੀ ਮੁਕਤਸਰ ਸਾਹਿਬ — ਦੀ ਚੋਣ ਕੀਤੀ ਗਈ ਹੈ। ਵਰਕਸ਼ਾਪ ਵਿੱਚ ਜ਼ਿਲ੍ਹਾ ਟੀਮਾਂ ਨੇ ਆਪਣੀ ਤਰੱਕੀ ਪੇਸ਼ ਕੀਤੀ, ਪ੍ਰੋਗਰਾਮ ਚਲਾਉਣ ਵਿੱਚ ਆ ਰਹੀਆਂ ਚੁਣੌਤੀਆਂ ਉਜਾਗਰ ਕੀਤੀਆਂ ਅਤੇ ਐੱਚਆਈਵੀ ਰੋਕਥਾਮ, ਜਾਂਚ ਤੇ ਇਲਾਜ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਰਣਨੀਤੀਆਂ ਤਿਆਰ ਕੀਤੀਆਂ।

ਰਾਜ ਵੱਲੋਂ ਕੀਤੀ ਗਈ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਸ਼੍ਰੀ ਕੁਮਾਰ ਰਾਹੁਲ ਨੇ ਕਿਹਾ, “ਪੰਜਾਬ ਟਾਰਗੇਟਿਡ ਅਤੇ ਸਬੂਤ ਆਧਾਰਿਤ ਦਖ਼ਲਅੰਦਾਜ਼ੀਆਂ ਰਾਹੀਂ ਆਪਣੀ ਐੱਚਆਈਵੀ ਪ੍ਰਤੀਕਿਰਿਆ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਵਰਕਸ਼ਾਪ ਨੇ ਜ਼ਿਲ੍ਹਿਆਂ ਨੂੰ ਆਪਣੀਆਂ ਰਣਨੀਤੀਆਂ ਨੂੰ ਸਥਾਨਕ ਹਾਲਤਾਂ ਅਨੁਸਾਰ ਢਾਲਣ ਅਤੇ ਬਿਹਤਰ ਸੇਵਾ ਵਿਤਰਣ ਅਤੇ ਸਿਹਤ ਨਤੀਜਿਆਂ ਲਈ ਜਵਾਬਦੇਹੀ ਵਧਾਉਣ ਵਿੱਚ ਸਮਰੱਥ ਬਣਾਇਆ ਹੈ।”

ਵਰਕਸ਼ਾਪ ਵਿੱਚ ਸੀਨੀਅਰ ਜ਼ਿਲ੍ਹਾ ਅਧਿਕਾਰੀਆਂ, ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਸਿਵਲ ਸਰਜਨ ਅਤੇ ਜ਼ਿਲ੍ਹਾ ਐੱਚਆਈਵੀ/ਏਡਜ਼ ਕੰਟਰੋਲ ਅਧਿਕਾਰੀ ਸ਼ਾਮਲ ਸਨ, ਨੇ ਸਰਗਰਮ ਹਿੱਸਾ ਲਿਆ, ਜਿਸ ਨਾਲ ਐੱਚਆਈਵੀ ਪ੍ਰੋਗਰਾਮ ਦੇ ਲਾਗੂਕਰਨ ਲਈ ਤਾਲਮੇਲ ਵਾਲਾ ਅਤੇ ਨਤੀਜਾ ਕੇਂਦ੍ਰਿਤ ਨਜ਼ਰੀਆ ਹੋਰ ਮਜ਼ਬੂਤ ਹੋਇਆ। ਇਸ ਇੱਕ ਦਿਨੀਆਂ ਵਰਕਸ਼ਾਪ ਨੇ ਆਪਸੀ ਸਿਖਲਾਈ ਨੂੰ ਉਤਸ਼ਾਹਿਤ ਕੀਤਾ ਅਤੇ ਜ਼ਿਲ੍ਹਿਆਂ ਨੇ ਟੀਚਿਆਂ ਹਾਸਲ ਕਰਨ ਲਈ ਠੋਸ ਕਾਰਜ ਯੋਜਨਾਵਾਂ ਤਿਆਰ ਕੀਤੀਆਂ।

ਨਾਕੋ ਸਾਲ 2030 ਤੱਕ ਏਡਜ਼ ਖਤਮ ਕਰਨ ਦੀ ਦਿਸ਼ਾ ਵਿੱਚ ਰਾਸ਼ਟਰੀ, ਰਾਜੀ ਅਤੇ ਜ਼ਿਲ੍ਹਾ ਪੱਧਰ ਉੱਤੇ ਸਹਿਯੋਗ ਨੂੰ ਹੋਰ ਵਧਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।

ਚੰਡੀਗੜ੍ਹ ਵਿੱਚ ਹੋਈ ਇਸ ਵਰਕਸ਼ਾਪ ਦਾ ਸਫਲ ਆਯੋਜਨ ਭਾਰਤ ਵਿੱਚ ਜ਼ਿਲ੍ਹਾ ਆਧਾਰਿਤ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ, ਜਿਸ ਨਾਲ ਉੱਚ ਤਰਜੀਹ ਵਾਲੇ ਖੇਤਰਾਂ ਵਿੱਚ 95-95-99 ਟੀਚਿਆਂ ਨੂੰ ਹਾਸਲ ਕਰਨ ਵਿੱਚ ਤੇਜ਼ੀ ਆਵੇਗੀ।