DC ਨੂੰ ਦਿੱਤਾ ਮੰਗ ਪੱਤਰ .

ਵਿਸਾਖੀ ਸਮਾਗਮਾਂ ਤੋਂ ਪਹਿਲਾਂ ਗੁਰੂ ਘਰਾਂ ਵਿੱਚ ਗੈਸ ਸਿਲੰਡਰਾਂ ਦੀ ਕਮੀ ਦੇ ਮੱਦੇਨਜ਼ਰ ਅਕਾਲੀ ਆਗੂਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ  9 ਅਪ੍ਰੈਲ (ਪ੍ਰਿਤਪਾਲ ਸਿੰਘ ਪਾਲੀ)-  ਵਿਸਾਖੀ ਦਾ ਪਵਿੱਤਰ ਤਿਉਹਾਰ ਸਿੱਖ ਕੌਮ ਲਈ ਸਿਰਫ਼ ਖੁਸ਼ੀ ਦਾ ਮੌਕਾ ਹੀ ਨਹੀਂ, ਸਗੋਂ ਆਤਮਕ ਚੜ੍ਹਦੀ ਕਲਾ ਅਤੇ ਸੇਵਾ-ਭਾਵਨਾ ਦਾ ਪ੍ਰਤੀਕ ਵੀ ਹੈ। ਇਸ ਦਿਨ ਗੁਰੂ ਘਰਾਂ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੁੰਦੀ ਹੈ ਅਤੇ ਲੰਗਰ ਦੀ ਸੇਵਾ ਬੇਮਿਸਾਲ ਸ਼ਰਧਾ ਨਾਲ ਨਿਭਾਈ ਜਾਂਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਹਲਕਾ ਆਤਮ ਨਗਰ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਨੇ ਗੁਰੂ ਘਰਾਂ ਵਿੱਚ ਆ ਰਹੀ ਗੈਸ ਸਿਲੰਡਰਾਂ ਦੀ ਕ ਹੁਮੀ ਦੇ ਮੱਦੇ ਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵਾਰ ਗੈਸ ਸਿਲੰਡਰਾਂ ਦੀ ਕਮੀ ਨੇ ਇਨ੍ਹਾਂ ਪਵਿੱਤਰ ਤਿਆਰੀਆਂ ‘ਤੇ ਚਿੰਤਾ ਦੀ ਛਾਂ ਪਾ ਦਿੱਤੀ ਹੈ।
ਇਸ ਸੰਵੇਦਨਸ਼ੀਲ ਮਸਲੇ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਨੇ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਲੰਗਰ ਸਿਰਫ਼ ਭੋਜਨ ਨਹੀਂ, ਸਗੋਂ ਸਮਾਨਤਾ, ਸੇਵਾ ਅਤੇ ਸਾਂਝੀਵਾਲਤਾ ਦਾ ਜੀਵੰਤ ਰੂਪ ਹੈ। ਗੁਰੂ ਘਰਾਂ ਵਿੱਚ ਬਣਦਾ ਲੰਗਰ ਹਰ ਕਿਸੇ ਲਈ ਖੁੱਲ੍ਹਾ ਹੁੰਦਾ ਹੈ, ਜਿੱਥੇ ਅਮੀਰ-ਗਰੀਬ ਦਾ ਕੋਈ ਫਰਕ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਜੇਕਰ ਗੈਸ ਸਿਲੰਡਰਾਂ ਦੀ ਕਮੀ ਕਾਰਨ ਲੰਗਰ ਦੀ ਸੇਵਾ ਵਿੱਚ ਕੋਈ ਰੁਕਾਵਟ ਆਉਂਦੀ ਹੈ, ਤਾਂ ਇਹ ਸਿਰਫ਼ ਪ੍ਰਬੰਧਕੀ ਮਸਲਾ ਨਹੀਂ ਰਹਿੰਦਾ, ਸਗੋਂ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਵੀ ਜੁੜ ਜਾਂਦਾ ਹੈ। ਵਿਸਾਖੀ ਦੇ ਇਸ ਮਹਾਨ ਦਿਨ ‘ਤੇ ਹਰ ਸੇਵਾਦਾਰ ਆਪਣੀ ਸਮਰਥਾ ਅਨੁਸਾਰ ਸੇਵਾ ਕਰਦਾ ਹੈ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਪਵਿੱਤਰ ਕਾਰਜ ਵਿੱਚ ਕੋਈ ਅੜਚਣ ਨਾ ਆਉਣ ਦੇਵੇ। ਜਿਸ ਦੌਰਾਨ ਉਨਾਂ ਮੰਗ ਕੀਤੀ ਕਿ ਗੁਰੂ ਘਰਾਂ ਨੂੰ ਪਹਿਲ ਦੇ ਆਧਾਰ ‘ਤੇ ਗੈਸ ਸਿਲੰਡਰ ਮੁਹੱਈਆ ਕਰਵਾਏ ਜਾਣ ਤਾਂ ਜੋ ਲੰਗਰ ਦੀ ਅਟੁੱਟ ਸੇਵਾ ਜਾਰੀ ਰਹੇ ਅਤੇ ਸੰਗਤ ਬਿਨਾਂ ਕਿਸੇ ਰੁਕਾਵਟ ਦੇ ਗੁਰੂ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕੇ।
           ਇਸ ਮੌਕੇ ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀ ਪਾਇਲ ਗੋਇਲ ਨੇ ਮੰਗ ਪੱਤਰ ਲੈਂਦੇ ਹੋਏ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਲਈ ਸੰਬੰਧਤ ਵਿਭਾਗਾਂ ਨਾਲ ਸਹਿਯੋਗ ਕਰਕੇ ਜਰੂਰੀ ਕਦਮ ਚੁੱਕੇ ਜਾਣਗੇ, ਤਾਂ ਜੋ ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਕਿਸੇ ਵੀ ਪ੍ਰਕਾਰ ਦੀ ਕਮੀ ਮਹਿਸੂਸ ਨਾ ਹੋਵੇ। ਇਸ ਮੌਕੇ ਤੇ ਅਕਾਲੀ ਆਗੂ ਪ੍ਰਵੀਨ ਭਾਰਤੀ ਵੀ ਮੌਜੂਦ ਰਹੇ।