ਮੈਡੀਕਲ ਕੈਂਪ ਲਗਾਇਆ ਗਿਆ .
ਸੁਰਿੰਦਰਾ ਪਲਸ ਡਾਇਗਨੌਸਟਿਕਸ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ
ਲੁਧਿਆਣਾ (ਗੀਤਾ ਸਕਸੈਨਾ): ਸੁਰਿੰਦਰਾ ਪਲਸ ਡਾਇਗਨੌਸਟਿਕਸ (Surendra Pulse Diagnostics) ਦੀ ਟੀਮ ਵੱਲੋਂ ਗੁਰਦੁਆਰਾ ਸਿੰਘ ਸਭਾ, ਮਾਡਲ ਗ੍ਰਾਮ, ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਡਾ. ਨਰਜੀਤ ਕੌਰ ਅਤੇ ਡਾ. ਅਣਖਵੀਰ ਗਿੱਲ ਦੀ ਕੁਸ਼ਲ ਰਹਿਨੁਮਾਈ ਹੇਠ ਸਫਲਤਾਪੂਰਵਕ ਨੇਪਰੇ ਚੜ੍ਹਿਆ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜਤਿੰਦਰ ਸਿੰਘ ਗਲਹੋਤਰਾ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਕੈਂਪ ਦੌਰਾਨ ਇਲਾਕੇ ਦੇ ਤਕਰੀਬਨ 150 ਤੋਂ ਵੱਧ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ।
ਜਾਂਚ ਦੌਰਾਨ ਜਿਨ੍ਹਾਂ ਮਰੀਜ਼ਾਂ ਨੂੰ ਗੰਭੀਰ ਸਮੱਸਿਆਵਾਂ ਪਾਈਆਂ ਗਈਆਂ, ਉਨ੍ਹਾਂ ਨੂੰ ਅਗਲੇਰੀ ਜਾਂਚ ਜਿਵੇਂ ਕਿ MRI ਅਤੇ ਅਲਟਰਾਸਾਊਂਡ ਲਈ ਡਾਇਗਨੌਸਟਿਕ ਸੈਂਟਰ ਵਿਖੇ ਭੇਜਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਮਰੀਜ਼ਾਂ ਨੂੰ ਸੈਂਟਰ ਵੱਲੋਂ ਵੱਧ ਤੋਂ ਵੱਧ ਵਿਸ਼ੇਸ਼ ਛੋਟ (Maximum Discount) ਦਿੱਤੀ ਜਾਵੇਗੀ ਤਾਂ ਜੋ ਲੋੜਵੰਦਾਂ 'ਤੇ ਆਰਥਿਕ ਬੋਝ ਨਾ ਪਵੇ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਜਤਿੰਦਰ ਸਿੰਘ ਗਲਹੋਤਰਾ ਨੇ ਸੁਰਿੰਦਰਾ ਪਲਸ ਡਾਇਗਨੌਸਟਿਕਸ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਤਾਰ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ।
