ਹਸਰਤ ਜੈਪੁਰੀ : ਦਰਦ ਤੋਂ ਜਨਮਿਆਂ ਰੋਮਾਂਸ ਦਾ ਸ਼ਾਇਰ.



ਹਸਰਤ ਸੇ ਜੈਪੁਰੀ (ਅਸਲੀ ਨਾਮ ਇਕਬਾਲ ਹੁਸੈਨ) ਭਾਰਤੀ ਫਿਲਮ ਇੰਡਸਟਰੀ ਦੇ ਉਹ ਮਹਾਨ ਗੀਤਕਾਰ ਸਨ ਜਿਨ੍ਹਾਂ ਦੇ ਲਫ਼ਜ਼ਾਂ ਵਿੱਚ ਦਰਦ ਵੀ ਸੀ ਤੇ ਮੁਹੱਬਤ ਵੀ। 15 ਅਪ੍ਰੈਲ 1922 ਨੂੰ ਜੈਪੁਰ ਵਿੱਚ ਜਨਮੇ ਹਸਰਤ ਸਾਹਿਬ ਦਾ ਬਚਪਨ ਮੁਸ਼ਕਲਾਂ ਵਿੱਚ ਬੀਤਿਆ। ਛੋਟੀ ਉਮਰ ਵਿੱਚ ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਮੁੰਬਈ ਆ ਗਏ, ਜਿੱਥੇ ਉਨ੍ਹਾਂ ਨੇ ਫੁਟਪਾਥਾਂ ’ਤੇ ਰਾਤਾਂ ਗੁਜ਼ਾਰੀਆਂ ਅਤੇ ਖਿਡੌਣੇ ਵੇਚ ਕੇ ਗੁਜਾਰਾ ਕੀਤਾ।
ਇੱਕ ਦਿਨ ਫੁਟਪਾਥ ’ਤੇ ਸੌਂਦੇ ਮਜ਼ਦੂਰ ਦੀ ਮੌਤ ਨੇ ਉਨ੍ਹਾਂ ਨੂੰ ਅੰਦਰੋਂ ਹਿਲਾ ਦਿੱਤਾ। ਇਸ ਦਰਦ ਤੋਂ ਉਨ੍ਹਾਂ ਨੇ “ਮਜ਼ਦੂਰ ਦੀ ਲਾਸ਼” ਵਰਗੀ ਸੰਵੇਦਨਸ਼ੀਲ ਕਵਿਤਾ ਲਿਖੀ। ਇਸੀ ਕਵਿਤਾ ਨੇ ਪ੍ਰਿਥਵੀਰਾਜ ਕਪੂਰ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਦੀ ਸਿਫਾਰਸ਼ ’ਤੇ ਰਾਜ ਕਪੂਰ ਨੇ ਉਨ੍ਹਾਂ ਨੂੰ ਫਿਲਮ ਬਰਸਾਤ ਲਈ ਗੀਤ ਲਿਖਣ ਦਾ ਮੌਕਾ ਦਿੱਤਾ।
ਹਸਰਤ ਜੈਪੁਰੀ ਦੇ ਗੀਤਾਂ ਵਿੱਚ ਰੋਮਾਂਸ ਦੀ ਖੁਸ਼ਬੂ ਖਾਸ ਸੀ। “ਅੱਜਕਲ ਤੇਰੇ ਮੇਰੇ ਪਿਆਰ ਦੇ ਚਰਚੇ” ਅਤੇ “ਸੁਣ ਸਾਹਿਬਾ ਸੁਣ” ਵਰਗੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ। ਸਾਦਗੀਪਸੰਦ ਜੀਵਨ ਜੀਊਣ ਵਾਲੇ ਹਸਰਤ ਸਾਹਿਬ ਨੇ 63 ਸੰਗੀਤਕਾਰਾਂ ਨਾਲ ਕੰਮ ਕੀਤਾ।
17 ਸਤੰਬਰ 1999 ਨੂੰ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ, ਪਰ ਉਨ੍ਹਾਂ ਦੇ ਲਫ਼ਜ਼ ਅੱਜ ਵੀ ਮੁਹੱਬਤ ਦੀ ਆਵਾਜ਼ ਬਣ ਕੇ ਜਿੰਦਾ ਹਨ।

 *(ਲਲਿਤ ਬੇਰੀ)*