ਸੰਪ੍ਰਦਾਇਕ ਰਾਜਨੀਤੀ ਘੱਟ ਗਿਣਤੀ ਕੌਮਾਂ ਦੀ ਹੋਂਦ ਲਈ ਖਤਰਾ : ਇੰਟਰਨੈਸ਼ਨਲ ਸਿੱਖ ਫੈਡਰੇਸ਼ਨ .

ਭਾਈ ਬਲਜੀਤ ਸਿੰਘ ਬੀਤਾ ਸਕੱਤਰ ਜਨਰਲ ਨਿਯੁਕਤ

     ਲੁਧਿਆਣਾ (ਬਿਊਰੋ) : ਭਾਰਤੀ ਜਨਤਾ ਪਾਰਟੀ ਬਹੁਗਿਣਤੀ ਸੰਪ੍ਰਦਾਇਕ ਰਾਜਨੀਤੀ ਰਾਹੀ ਆਪਣਾ ਰਾਜਤੰਤਰ ਚਲਾ ਰਹੀ ਹੈ ਜੋ ਘੱਟ ਗਿਣਤੀ ਭਾਈਚਾਰੇ ਦੀ ਹੋਂਦ ਲਈ ਖ਼ਤਰਾ ਹੈ ਇਸ ਨਾਲ ਧਰਮਨਿਰਪੱਖਤਾ ਅਤੇ ਬਰਾਬਰੀ ਦੇ ਸਿਧਾਂਤਾਂ ਨੂੰ ਖੋਖਲਾ ਕਰ ਰਹੀ ਹੈ।ਫੈਡਰੇਸ਼ਨ ਇਸ ਖ਼ਤਰੇ ਪ੍ਰਤੀ ਗੰਭੀਰ ਚਿੰਤਨ ਕਰ ਰਹੀ ਹੈ ਅਤੇ ਆਪਣੀ ਹੋਂਦ ਬਣਾਏ ਰੱਖਣ ਲਈ ਠੋਸ ਕਦਮ ਚੁੱਕੇ ਜਾਣਗੇ।ਇਹ ਵਿਚਾਰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖ਼ਾਲਸਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਹੇ।
         ਭਾਈ ਖ਼ਾਲਸਾ ਨੇ ਕਿਹਾ ਕਿ ਭਾਜਪਾ ਸਰਕਾਰ ਵਲੋ ਕੱਟੜ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਰਾਹੀ' ਘੱਟ ਗਿਣਤੀ ਜਮਾਤਾਂ ਨੂੰ ਰਾਸ਼ਟਰ ਵਿਰੋਧੀ ਤੇ ਵੱਖਵਾਦੀ ਐਲਾਨਿਆ ਜਾ ਰਿਹਾ ਹੈ। ਖ਼ਾਸ ਕਰਕੇ ਸਿੱਖ ਭਾਈਚਾਰੇ ਵਿਰੁੱਧ ਖਾਲਿਸਤਾਨੀ, ਵੱਖਵਾਦੀ, ਦੇਸ਼ਧ੍ਰੋਹੀ ਆਦਿ ਨਾਮ ਦੇ ਕੇ, ਦੋਸ਼ ਲਗਾਕੇ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਦਬਾਇਆ ਜਾ ਰਿਹਾ ਹੈ।ਵਿਦੇਸ਼ਾਂ ਵਿੱਚ ਵੱਸਦੇ ਸਿੱਖ ਆਗੂਆਂ ਦੇ ਪ੍ਰੀਵਾਰਾ ਨੂੰ ਧਮਕੀਆਂ, ਸਿੱਖ ਆਗੂਆ ਦੇ ਕਤਲ ਤੇ ਗ਼ੈਰਕਾਨੂੰਨੀ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਵੀ ਨਹੀਂ ਹੈ। ਘੱਟ ਗਿਣਤੀਆਂ ਵਿਰੁੱਧ ਹਿੰਸਾ, ਫਿਰਕੂ ਨਫ਼ਰਤ ਫੈਲਾਕੇ ਸਮਾਜ ਵਿੱਚ ਡੂੰਘੀਆਂ ਖਾਈਆਂ ਪੈਦਾ ਕਰ ਦਿੱਤੀਆ ਹਨ । 1984 ਸਿੱਖ ਨਸਲਕੁਸ਼ੀ ਦੇ ਇਨਸਾਫ਼ ਲਈ ਅੱਜ ਵੀ ਲੜ੍ਹ ਰਹੇ ਹਨ।
ਫੈਡਰੇਸ਼ਨ ਅਪਣੀ ਧਾਰਮਿਕ, ਭਾਸ਼ਾਈ, ਸੱਭਿਆਚਾਰਕ ਪਹਿਚਾਣ ਅਤੇ ਵੱਖਰੀ ਹੋਂਦ ਲਈ ਲੜਨਾ ਜਾਰੀ ਰੱਖੇਗੀ ਇਸ ਮੌਕੇ ਜੱਥੇਬੰਧਕ ਢਾਂਚੇ ਦਾ ਪਸਾਰ ਕਰਦਿਆਂ ਕੁੱਝ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਜਿੰਨਾ ਵਿੱਚ ਭਾਈ ਬਲਜੀਤ ਸਿੰਘ ਬੀਤਾ ਨੂੰ ਸਕੱਤਰ ਜਨਰਲ, ਭਾਈ ਮਨਦੀਪ ਸਿੰਘ ਅੰਮ੍ਰਿਤਸਰ ਨੂੰ ਕੋਆਰਡੀਨੇਟਰ, ਭਾਈ ਬਲਕਾਰ ਸਿੰਘ ਮੀਤ ਪ੍ਰਧਾਨ, ਭਾਈ ਚਰਨਜੀਤ ਸਿੰਘ ਪਠਾਨਕੋਟ  ਸਕੱਤਰ ਨਿਯੁਕਤ ਕੀਤੇ ਗਏ ਹਨ। ਐਡਵਾਈਜਰੀ ਬੋਰਡ ਵਿੱਚ ਡਾ: ਭਗਵਾਨ ਸਿੰਘ, ਭਾਈ ਸਰਬਜੀਤ ਸਿੰਘ ਸੋਹਲ, ਭਾਈ ਨਰਿੰਦਰ ਸਿੰਘ ਖਾਲਸਾ ਜੰਮੂ, ਭਾਈ ਹਰਪ੍ਰੀਤ ਸਿੰਘ ਮਝੈਲ, ਭਾਈ ਗੁਰਮੀਤ ਸਿੰਘ ਦਿੱਲੀ ਨੂੰ ਲਿਆ ਗਿਆ ਹੈ।