*ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 94 'ਚ ਗਲੀਆਂ ਦੇ ਪੁਨਰ ਨਿਰਮਾਣ ਕਾਰਜਾਂ ਦਾ ਉਦਘਾਟਨ.
*- ਇਲਾਕਾ ਨਿਵਾਸੀਆਂ ਨੇ ਕੀਤਾ ਵਿਸ਼ੇਸ਼ ਧੰਨਵਾਦ*
*- ਕਿਹਾ! ਕਰੀਬ 20 ਸਾਲ ਬਾਅਦ ਸੁਣੀ ਗਈ ਫਰਿਆਦ*
ਲੁਧਿਆਣਾ, 20 ਨਵੰਬਰ (ਵਾਸੂ ਜੇਤਲੀ) - ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਾਰਡ ਨੰਬਰ 94 (89) ਅਧੀਨ ਲਕਸ਼ਮੀਪੁਰੀ, ਸਲੇਮ ਟਾਬਰੀ ਵਿਖੇ ਗਲੀਆਂ ਦੇ ਪੁਨਰ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ।
ਵਿਧਾਇਕ ਬੱਗਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 55 ਲੱਖ ਰੁਪਏ ਖਰਚ ਕੀਤੇ ਜਾਣਗੇ।
ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਬੇਹੱਦ ਸੰਵੇਦਨਸ਼ੀਲ ਰਹੀ ਹੈ ਜਿਸਦੇ ਤਹਿਤ ਹੁਣ ਪੰਜਾਬ ਵਾਸੀਆਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇੱਕ ਹਲਕੇ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਗ੍ਰਾਂਟਾਂ ਦੇ ਗੱਫ਼ੇ ਜਾਰੀ ਕੀਤੇ ਜਾ ਰਹੇ ਹਨ।
ਉਦਘਾਟਨ ਮੌਕੇ ਸਥਾਨਕ ਵਸਨੀਕਾਂ ਵੱਲੋਂ ਵਿਧਾਇਕ ਬੱਗਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੁਝ ਗਲੀਆਂ ਵਿੱਚ ਸੀਵਰੇਜ ਵਿਵਸਥਾ ਵੀ ਦਰੁਸਤ ਕਰਨ ਵਾਲੀ ਹੈ। ਇਸ ਸਬੰਧੀ ਵਿਧਾਇਕ ਬੱਗਾ ਵੱਲੋਂ ਨਿਗਮ ਅਧਿਕਾਰੀਆਂ ਨੂੰ ਫੌਰੀ ਤੌਰ 'ਤੇ ਇਨ੍ਹਾਂ ਸਮੱਸਿਆਵਾਂ ਦੇ ਨਿਪਟਾਰੇ ਦੇ ਨਿਰਦੇਸ਼ ਵੀ ਦਿੱਤੇ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੀ ਸੁਚਾਰੂ ਬਣਾਉਣ ਲਈ ਕਿਹਾ।
ਇਲਾਕਾ ਨਿਵਾਸੀਆਂ ਵੱਲੋਂ ਵਿਧਾਇਕ ਬੱਗਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਾਡੀ ਫਰਿਆਦ ਸੁਣੀ ਗਈ ਹੈ ਕਿਉਂਕਿ ਇਹ ਗਲੀਆਂ ਕਰੀਬ 20 ਸਾਲ ਪਹਿਲਾਂ ਬਣੀਆਂ ਸਨ ਜਿਨ੍ਹਾਂ ਦੀ ਮੁੜ ਕਿਸੇ ਨੇ ਸਾਰ ਨਹੀਂ ਲਈ।
ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਮਸਲਿਆਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾ ਰਿਹਾ ਜਿਸਦੇ ਤਹਿਤ ਸਲੇਮ ਟਾਬਰੀ ਦੇ ਵਸਨੀਕਾਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ। ਇਨ੍ਹਾਂ ਗਲੀਆਂ ਦੇ ਪੁਨਰ ਨਿਰਮਾਣ ਨਾਲ ਆਵਾਜਾਈ ਸੁਖਾਵੀਂ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤਾ ਜਾਂਦਾ ਪੈਸਾ ਹੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਵਰਤਿਆਂ ਜਾਂਦਾ ਹੈ।