ਜਥੇਬੰਦੀ ਵਲੋਂ ਪਦ-ਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਸਮੇਂ ਖਾਲੀ ਆਸਾਮੀਆਂ ਨਾ ਦਰਸਾਉਣ ਦੀ ਕੀਤੀ ਨਿਖੇਧੀ.
ਲੁਧਿਆਣਾ, 19 ਸਤੰਬਰ (ਤਮੰਨਾ) - ਲੈਕਚਰਾਰ ਕਾਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਨਵੇਂ ਪਦ ਉਨਤ ਹੋਏ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਸਮੇਂ ਬਣਦੀਆਂ ਸਾਰੀਆਂ ਖਾਲੀ ਆਸਾਮੀਆਂ ਨਾ ਦਰਸਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਆਪਣੀ ਜਿੰਮੇਵਾਰੀ ਤੋਂ ਭੱਜ ਰਿਹਾ ਹੈ ਅਤੇ ਦੂਰ ਦੂਰ ਸਟੇਸ਼ਨ ਦਰਸਾ ਕੇ ਯੋਗ ਲੈਕਚਰਾਰਾਂ ਨੂੰ ਦੂਰ ਦੂਰ ਸਟੇਸ਼ਨ ਲੈਣ ਲਈ ਮਜਬੂਰ ਕਰ ਰਿਹਾ ਹੈ। ਇਸ ਮੌਕੇ ਸਰਕਾਰ ਦੀ ਨੀਤੀ ਦੀ ਨਿੰਦਾ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ 3000 ਦੇ ਲਗਭਗ ਹੋਰ ਤਰੱਕੀਆਂ ਕਰੇ ਅਤੇ ਬਣਦੀਆਂ ਖ਼ਾਲੀ ਆਸਾਮੀਆਂ ਈ ਪੰਜਾਬ ਤੇ ਦਿਖਾਵੇ ਅਤੇ ਸਟੇਸ਼ਨ ਚੋਣ ਈ ਪੰਜਾਬ ਤੇ ਆਨਲਾਈਨ ਕਰਵਾਈ ਜਾਵੇ ਅਤੇ ਵਿਸ਼ੇਸ਼ ਕੈਟਾਗਰੀ ਵਾਲੇ ਲੈਕਚਰਾਰ ਨੂੰ ਸਟੇਸ਼ਨ ਚੋਣ ਮੌਕੇ ਪਹਿਲ ਦਿੱਤੀ ਜਾਵੇ। ਯੂਨੀਅਨ ਪ੍ਰਧਾਨ ਢਿੱਲੋਂ ਨੇ ਮੰਗ ਕਰਦਿਆਂ ਕਿਹਾ ਕਿ ਵਿਭਾਗ ਜਲਦ ਫਾਈਨ ਆਰਟਸ ਦੀਆਂ ਲਿਸਟਾਂ ਜਾਰੀ ਕਰੇ ਅਤੇ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਤਾਂ ਜੋ ਹੋਰ ਤਰੱਕੀਆਂ ਹੋ ਜਾਣ ਅਤੇ ਲੈਕਚਰਾਰਾਂ ਦੀ ਘਾਟ ਦੂਰ ਹੋ ਸਕੇ ਅਤੇ ਸਕੂਲਾਂ ਵਿੱਚ ਬਿਹਤਰ ਵਿਦਿਅਕ ਮਾਹੌਲ ਬਣ ਸਕੇ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਇਸ ਮੌਕੇ ਦਵਿੰਦਰ ਸਿੰਘ ਗੁਰੂ ,ਜਸਪਾਲ ਸਿੰਘ, ਹਰਦੀਪ ਸਿੰਘ ,ਮੁਨੀਸ਼ ਕੁਮਾਰ, ਗੁਰਜੇਪਾਲ ਸਿੰਘ, ਜਗਦੀਪ ਸਿੰਘ,ਪ੍ਰਮੋਦ ਜੋਸ਼ੀ ਅਤੇ ਰਾਜਵੀਰ ਸਿੰਘ ਆਦਿ ਆਗੂਆਂ ਨੇ ਸਕੂਲਾਂ ਵਿੱਚ ਜਲਦ ਪ੍ਰਿੰਸੀਪਲ ਲਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਮਾਰਚ 2021 ਤੋਂ ਪ੍ਰਿੰਸੀਪਲ ਨਹੀਂ ਲਗਾਏ ਗਏ ਜਿਸ ਨਾਲ 750 ਤੋਂ ਵੱਧ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਯੂਨੀਅਨ ਦੇ ਮੀਡੀਆ ਇੰਚਾਰਜ ਰਮਨਦੀਪ ਸਿੰਘ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਅਲਬੇਲ ਸਿੰਘ ਪੁੜੈਣ ਨੇ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਜਲਦ ਪ੍ਰਿੰਸੀਪਲ ਭੇਜੇ। ਯੂਨੀਅਨ ਪ੍ਰਧਾਨ ਢਿੱਲੋ ਨੇ ਕਿਹਾ ਕਿ ਯੂਨੀਅਨ ਵੱਲੋਂ ਜ਼ਲਦ ਮੀਟਿੰਗ ਕਰ ਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ