ਬੀ. ਕੇ. ਯੂ. (ਕਾਦੀਆਂ) ਦਾ ਵਫਦ ਡੀ. ਏ. ਪੀ. ਖਾਦ ਦੀ ਪੂਰਤੀ ਲਈ ਡੀ. ਸੀ. ਲੁਧਿਆਣਾ ਨੂੰ ਮਿਲਿਆ.
ਪੰਜਾਬ ਸਰਕਾਰ ਖੇਤੀਬਾੜੀ ਪਾਲਿਸੀ ਲਾਗੂ ਕਰਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਜਰੂਰ ਕਰੇ –ਮਨਪ੍ਰੀਤ ਸਿੰਘ ਘੁਲਾਲ
ਸਮਰਾਲਾ 10 ਸਤੰਬਰ (ਇੰਦ੍ਰਜੀਤ):
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦਾ ਵਫਦ ਮਨਪ੍ਰੀਤ ਸਿੰਘ ਘੁੁਲਾਲ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ ਅਤੇ ਗੁਰਜੀਤ ਸਿੰਘ ਗੜ੍ਹੀ ਤਰਖਾਣਾ ਪ੍ਰੈੱਸ ਸਕੱਤਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦੇਣ ਪੁੱਜਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਘੁਲਾਲ ਨੇ ਦੱਸਿਆ ਕਿ ਵਫਦ ਕੋਲੋਂ ਵਧੀਕ ਡਿਪਟੀ ਕਮਿਸ਼ਨਰ ਨੇ ਮੰਗ ਪੱਤਰ ਪ੍ਰਾਪਤ ਕਰਦੇ ਹੋਏ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਉੱਚ ਅਧਿਕਾਰੀਆਂ ਪਾਸ ਭੇਜਣ ਦਾ ਭਰੋੋਸਾ ਦਿਵਾਇਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਡੀ. ਏ. ਪੀ. ਖਾਦ ਦੀ ਬੇਹੱਦ ਕਮੀ ਹੈ, ਖਾਦ ਨਾ ਹੀ ਕੋਆਪਰੇਟਿਵ ਸੋਸਾਇਟੀਆ ਵਿੱਚ ਅਤੇ ਨਾ ਹੀ ਬਜ਼ਾਰ ਵਿੱਚ ਉਪਲਬਧ ਹੈ, ਕਣਕ ਦਾ ਸੀਜਨ ਸਿਰ ਉੱਪਰ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇ ਸਬਜ਼ੀਆਂ, ਆਲੂ , ਮਟਰ ਅਤੇ ਗੰਨਾ ਬੀਜਣਾ ਹੈ, ਉਹ ਖਾਦ ਲਈ ਦਰ ਦਰ ਭਟਕ ਰਹੇ ਹਨ, ਇਸ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਜਲਦੀ ਤੋਂ ਜਲਦੀ ਕੋਈ ਕਦਮ ਪੁੱਟੇ। ਨੈਨੋ ਯੂਰੀਆ ਜਾਂ ਹੋਰ ਤਰਾਂ ਤਰਾਂ ਦੇ ਪ੍ਰੋਡਕਟ ਬਜਾਰ ਵਿੱਚ ਉਪਲਬਧ ਹਨ, ਕਿਸਾਨਾਂ ਨੂੰ ਡੀ. ਏ. ਪੀ. ਨਾਲ ਖਰੀਦਣ ਲਈ ਮਜਬੂਰ ਕਰਦੇ ਹਨ। ਇਸ ਦੀ ਨਜਾਇਜ ਵਿਕਰੀ ਬੰਦ ਕੀਤੀ ਜਾਵੇ ਅਤੇ ਖੇਤੀਬਾੜੀ ਮਹਿਕਮਾ ਇਸ ਦੀ ਨਿਗਰਾਨੀ ਰੱਖੇ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪੰਜਾਬ ਸਰਕਾਰ ਖੇਤੀਬਾੜੀ ਪਾਲਸੀ ਬਣਾ ਰਹੀ ਹੈ । ਇਸ ਨੂੰ ਜਾਰੀ ਕਰਨ ਤੋਂ ਪਹਿਲਾਂ ਰਜਿਸਟਰਡ ਕਿਸਾਨ ਜੱਥੇਬੰਦੀਆ ਨਾਲ ਚਰਚਾ ਕਰੇ। ਜੇ ਕਰ ਸੋਧ ਕਰਨੀ ਪਵੇ ਤਾਂ ਕਰਕੇ ਇਹ ਪਾਲਿਸੀ ਜਨਤਕ ਕੀਤੀ ਜਾਵੇ ਤਾਂ ਕਿ ਜਾਗਰੂਕ ਕਿਸਾਨ ਅਤੇ ਬੁੱਧੀਜੀਵੀ ਆਪਣੇ ਸੁਝਾਅ ਦੇ ਸਕਣ, ਪਾਲਿਸੀ ਫਿਰ ਲਾਗੂ ਕੀਤੀ ਜਾਵੇ। ਅੱਜ ਦੇ ਵਫਦ ਵਿੱਚ ਉਪਰੋਕਤ ਤੋਂ ਇਲਾਵਾ ਦਰਸ਼ਨ ਸਿੰਘ ਰੋਹਲਾ ਬਲਾਕ ਪ੍ਰਧਾਨ ਸਮਰਾਲਾ, ਮੋਹਣ ਸਿੰਘ ਬਾਲਿਓਂ ਬਲਾਕ ਪ੍ਰਧਾਨ ਮਾਛੀਵਾੜਾ, ਦਵਿੰਦਰ ਸਿੰਘ ਗਰੇਵਾਲ ਬਲਾਕ ਪ੍ਰਧਾਨ ਮਾਂਗਟ, ਬਹਾਦਰ ਸਿੰਘ ਰੋਹਲਾ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਅਮਨਦੀਪ ਸਿੰਘ ਮੁਬਕਾਬਾਦ, ਬਿੱਲੂ ਮਾਂਗਟ, ਜਗਜੀਤ ਸਿੰਘ ਚਹਿਲਾਂ, ਰਾਜਿੰਦਰ ਸਿੰਘ ਬਾਲਿਓ, ਨਿਰਮਲ ਸਿੰਘ ਰੋਹਲਾ, ਗੋਲਡੀ ਘੁਲਾਲ, ਤਰਮਨ ਮਾਛੀਵਾੜਾ, ਰਮਨ ਘੁਲਾਲ, ਕਰਨ ਉਪਲ ਆਦਿ ਹਾਜਰ ਸਨ।