ਯੂ. ਪੀ. ਦੇ ਮੁੱਖ ਮੰਤਰੀ ਵਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਪ੍ਰਤੀ ਦਿੱਤਾ ਬਿਆਨ ਗਰੀਬਾਂ ਤੋਂ ਇਲਾਜ ਖੋਹਣਾ ਹੈ - ਡਾ: ਗੋਇਲ.

 

ਲੁਧਿਆਣਾ, 2 ਅਕਤੂਬਰ (ਤਮੰਨਾ) - ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੱਲੋਂ ਪਿਛਲੇ ਦਿਨੀਂ ਯੂ. ਪੀ. ਵਿੱਚ ਕੰਮ ਕਰਦੇ ਅਨ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਪ੍ਰਤੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਿਨਾਂ ਰਜਿਸਟਰੇਸ਼ਨ ਦੇ ਕੰਮ ਕਰਨ ਵਾਲਿਆਂ ਉਪਰ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ  ਅਤੇ ਕਿਹਾ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ ਤੁਰੰਤ ਸੀਲ ਕਰਕੇ ਉਨ੍ਹਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਅਤੇ ਉਹਨਾਂ ਦੀ ਆਰਥਿਕ ਲੁੱਟ ਨਾ ਹੋਵੇ। ਮੁੱਖ ਮੰਤਰੀ ਯੋਗੀ ਦੇ ਉਕਤ ਬਿਆਨ ਦਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ - 295 ਵਲੋਂ ਘੋਰ ਨਿੰਦਾ ਕੀਤੀ ਗਈ ਹੈ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸਕੱਤਰ ਗੁਰਮੇਲ ਸਿੰਘ ਨੇ  ਕਿਹਾ ਕਿ ਕੋਰੋਨਾ ਕਾਲ ਦੇ ਸਮੇਂ  ਵਿੱਚ ਜਦੋਂ ਵੱਡੇ ਹਸਪਤਾਲਾਂ ਨੂੰ ਜਿੰਦੇ ਵੱਜੇ ਹੋਏ ਸਨ ਤਾਂ  ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਹੀ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਅਤੇ ਦਹਿਸ਼ਤ ਦੇ ਸਾਏ ਵਿੱਚੋਂ ਕੱਢਣ ਦੇ ਪੁਰਜ਼ੋਰ ਯਤਨ ਕੀਤੇ ਸਨ। ਹੜ੍ਹਾਂ ਵਰਗੀਆਂ ਕੁਦਰਤੀ ਆਫਤਾਂ ਅਤੇ ਮਹਾਂਮਾਰੀਆਂ ਮੌਕੇ ਵੀ ਇਹੀ ਲੋਕ ਹਮੇਸ਼ਾ ਮੋਹਰਲੀ ਕਤਾਰ ਵਿੱਚ ਰਹਿੰਦੇ ਹਨ। ਵੱਡੀ ਗਿਣਤੀ ਵਿੱਚ ਕਿਰਤੀ ਵਰਗ ਜੋ ਬੇਰੁਜ਼ਗਾਰੀ ਦੀ ਮਾਰ ਹੇਠ ਹੈ, ਜੋ ਬਹੁਤ ਥੋੜ੍ਹੀ ਦਿਹਾੜੀ ਨਾਲ ਆਪਣੀ ਗੁਜਰ ਬਸਰ ਕਰਦੇ ਹਨ, ਵੱਡੇ ਹਸਪਤਾਲਾਂ ਤੋਂ ਇਲਾਜ ਕਰਵਾਉਣ ਚ ਅਸਮਰੱਥ ਹਨ। ਉਕਤ ਮੈਡੀਕਲ ਪ੍ਰੈਕਟੀਸ਼ਨਰ ਹੀ ਉਹਨਾਂ ਦਾ ਇੱਕ ਮਾਤਰ ਸਹਾਰਾ ਹਨ। ਜੋ ਉਹਨਾਂ ਨੂੰ 24 ਘੰਟੇ ਉਧਾਰੀਆਂ ਸਧਾਰੀਆਂ ਤੇ ਸੌਖੀਆਂ ਸਿਹਤ ਸੇਵਾਵਾਂ ਦਿੰਦੇ ਹਨ। ਬਣਦਾ ਤਾਂ ਇਹ ਹੈ ਕਿ ਸਰਕਾਰ ਇਹਨਾਂ ਲਈ ਕੋਈ ਟ੍ਰੇਨਿੰਗ ਦਾ ਪ੍ਰਬੰਧ ਕਰਕੇ ਮਾਨ ਤੇ ਸਨਮਾਨ ਨਾਲ ਇਹਨਾਂ ਨੂੰ ਕੰਮ ਕਰਨ ਦਾ ਅਧਿਕਾਰ ਦੇਵੇ। ਤਾਂ ਜੋ ਸਵੈ-ਰੁਜ਼ਗਾਰ ਚਲਾ ਰਹੇ ਉਕਤ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਅਕੈਡਮਿਕ ਘਾਟਾਂ ਕਮਜੋਰੀਆਂ ਵੀ ਦੂਰ ਹੋ ਜਾਣ ਅਤੇ ਉਹਨਾਂ  ਦੇ ਰੁਜ਼ਗਾਰ ਦੇ ਪੱਕੇ ਪ੍ਰਬੰਧ ਵੀ ਹੋ ਜਾਣ। ਪਰ ਅਫਸੋਸ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਜੇਲ੍ਹਾਂ ਚ ਸੁੱਟਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਜੇ ਯੋਗੀ ਸਰਕਾਰ ਨੂੰ ਲੋਕਾਂ ਦੀ ਸਿਹਤ ਦਾ ਇੰਨਾ ਹੀ ਫਿਕਰ ਹੈ ਤਾਂ ਉਹ ਪਹਿਲਾਂ ਨਕਲੀ ਡਿਗਰੀਆਂ ਵੇਚਣ ਵਾਲਿਆਂ, ਬਿਨਾਂ ਡਿਗਰੀਆਂ ਦੀ ਪੜਤਾਲ ਕਰੇ ਰਜਿਸਟਰੇਸ਼ਨਾਂ ਦੇਣ ਵਾਲਿਆਂ ਅਤੇ ਨਕਲੀ ਦਵਾਈਆਂ ਵੇਚ ਵੇਚ ਕੇ ਲੋਕਾਂ ਦੀਆਂ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਵੱਡੇ ਘੁਟਾਲੇ ਬਾਜਾਂ ਦੇ ਖਿਲਾਫ ਕਾਰਵਾਈ ਕਰੇ।                             ਉਹਨਾਂ ਕਿਹਾ ਕਿ ਮੈਡੀਕਲ  ਪ੍ਰੈਕਟੀਸ਼ਨਰਾਂ ਨੂੰ ਡਰਨ ਘਬਰਾਉਣ ਦੀ ਬਜਾਏ ਸਰਕਾਰਾਂ ਦੇ ਧੱਕੜ ਰਵਈਏ ਖਿਲਾਫ ਵੱਡੀ ਪੱਧਰ ਤੇ ਜਥੇਬੰਦ ਹੋਣ ਅਤੇ ਸੰਘਰਸ਼ਾਂ ਦੇ ਝੰਡੇ ਚੱਕਣ ਲਈ ਤਿਆਰ ਹੋਣਾ ਚਾਹੀਦਾ ਹੈ।