ਸੁਖਬੀਰ ਸਿੰਘ ਬਾਦਲ ਦੇ ਉੱਪਰ ਹੋਏ ਹਮਲੇ ਦੀ ਭੁਪਿੰਦਰ ਸਿੰਘ ਭਿੰਦਾ ਨੇ ਸਖਤ ਸ਼ਬਦਾਂ ਦੇ ਵਿੱਚ ਕੀਤੀ ਨਿਖੇਧੀ .
ਲੁਧਿਆਣਾ 4 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) - ਅਕਾਲੀ ਜੱਥਾ ਸ਼ਹਿਰੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਭਿੰਦਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਹੋਏ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਵਿਖੇ ਪਹਿਰੇਦਾਰੀ ਦੀ ਸੇਵਾ ਨਿਭਾ ਰਹੇ ਸਨ। ਉਹ ਨਾ ਸਿਰਫ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਾਂ ਦੀ ਪਾਲਣਾ ਕਰ ਰਹੇ ਸਨ ਬਲਕਿ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਗੁਰੂ ਸਾਹਿਬ ਅਤੇ ਉਹਨਾਂ ਦੀਆਂ ਸੰਗਤਾਂ ਦੀ ਹਜੂਰੀ ਵਿੱਚ ਬੈਠੇ ਸਨ। ਪ੍ਰੰਤੂ ਇਸ ਦਰਮਿਆਨ ਉਹਨਾਂ ਦੇ ਉੱਪਰ ਕੀਤਾ ਗਿਆ ਕਾਤਲਾਨਾ ਹਮਲਾ, ਜਿੱਥੇ ਸਰਕਾਰੀ ਤੰਤਰ ਦੀ ਨਾਕਾਮੀ ਉੱਪਰ ਸਵਾਲ ਖੜੇ ਕਰਦਾ ਹੈ ਉਥੇ ਹੀ ਇਹ ਵੀ ਦਰਸਾਉਂਦਾ ਹੈ ਕਿ ਜਿਸ ਦੇ ਉੱਪਰ ਗੁਰੂ ਸਾਹਿਬ ਦੀ ਕਿਰਪਾ ਹੋਵੇ ਉਸ ਦਾ ਬਾਲ ਵਿੰਗਾ ਨਹੀਂ ਹੋ ਸਕਦਾ। ਇਸ ਮੌਕੇ ਉਹਨਾਂ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਨਰਾਇਣ ਸਿੰਘ ਵੱਲੋਂ ਕੀਤੇ ਗਏ ਹਮਲੇ ਦੀ ਸੰਪੂਰਨ ਜਾਂਚ ਹੋਣੀ ਚਾਹੀਦੀ ਹੈ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਸ ਦੇ ਪਿੱਛੇ ਅਸਲ ਦੋਸ਼ੀ ਕੌਣ ਹਨ ਤੇ ਉਸ ਨੇ ਇਹ ਕਿੰਨਾ ਦੇ ਕਹਿਣੇ ਵਿੱਚ ਆ ਕੇ ਕੀਤਾ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਗਲੇ ਦਿਨਾਂ ਵਿੱਚ ਨਿਭਾਈ ਜਾਣ ਵਾਲੀ ਸੇਵਾ ਦੌਰਾਨ ਸਰਕਾਰੀ ਤੰਤਰ ਵੱਲੋਂ ਉਹਨਾਂ ਨੂੰ ਵਿਸ਼ੇਸ਼ ਸੁਰੱਖਿਆ ਮੁਹਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਕੋਈ ਵੀ ਇਨਸਾਨ ਐਸੀ ਘਨਾਉਣੀ ਹਰਕਤ ਨਾ ਕਰ ਸਕੇ।