ਜਵੱਦੀ ਟਕਸਾਲ ਵਿਖੇ ਵਿਸਮਾਦੀ ਰੰਗ ਬਿਖੇਰਦਾ 33ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਮਾਪਤ.
ਸੰਗਤਾਂ ਨੂੰ ਸੰਤ ਬਾਬਾ ਸੁੱਚਾ ਸਿੰਘ ਜੀ ਵਾਲੀ ਵਿਚਾਰਧਾਰਾ ਦਾ ਪ੍ਰਤੱਖ ਪ੍ਰਭਾਵ ਵੇਖਣ 'ਚ ਆਇਆ
ਲੁਧਿਆਣਾ 2 ਦਸੰਬਰ (ਪ੍ਰਿਤਪਾਲ ਸਿੰਘ ਪਾਲੀ)- ਗੁਰਮਤਿ ਸੰਗੀਤ, ਗੁਰਬਾਣੀ ਅਤੇ ਗੁਰ-ਇਤਿਹਾਸ ਦੇ ਖੋਜਾਰਥੀਆਂ/ਵਿਦਿਆਰਥੀਆਂ ਲਈ ਭਰਪੂਰ ਲਾਹੇਵੰਦ ਸਿੱਧ ਹੋਇਆ 33ਵਾਂ "ਅਦੁੱਤੀ ਗੁਰਮਤਿ ਸੰਗੀਤ ਸੰਮੇਲਨ", ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ "ਜਵੱਦੀ ਟਕਸਾਲ" ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ "33ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਦੇ ਨਿਰਵਿਗਨ ਸੰਪੂਰਨ ਹੋਣ ਤੇ ਸਤਿਗੁਰੂ ਜੀ ਦੇ ਸ਼ੁਕਰਾਨੇ ਦੀ ਅਰਦਾਸ ਅਤੇ ਵੱਡੀ ਤਾਦਾਦ 'ਚ ਜੁੜੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਨ ਉਪਰੰਤ ਸਮਾਪਤ ਹੋਇਆ। ਸਿਆਸੀ ਝਮੇਲਿਆਂ ਤੋਂ ਕੋਹਾਂ ਦੂਰ, ਗੁਰਮਤਿ ਸੰਗੀਤ ਦੇ ਪ੍ਰੇਮੀਆਂ/ਵਿਦਿਆਰਥੀਆਂ/ਖੋਜਾਰਥੀਆਂ ਲਈ ਗੁਰਮਤਿ ਸੰਗੀਤ ਦੇ ਪੁਰਾਤਨ ਤੇ ਅਸਲ ਪਹਿਲੂਆਂ ਨੂੰ ਨਰੋਲ ਪੱਖਾਂ ਨੂੰ, ਉਭਾਰਨ ਦੇ ਰਾਹ 'ਚ ਰੁਕਾਵਟ ਬਣਦੇ ਪੱਖਾਂ ਨੂੰ, ਨਾਮ ਸਿਮਰਨ ਅਭਿਆਸ ਸਮਾਗਮ ਦੌਰਾਨ ਸੰਤ ਬਾਬਾ ਅਮੀਰ ਸਿੰਘ ਜੀ ਅਤੇ ਵਿਦਵਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਦੇ ਕਟਾਕਸ਼ ਕਰਦੇ ਬੋਲ ਕਿਸੇ ਤੇਜਧਾਰ ਹਥਿਆਰ ਦੇ ਘਾਵ ਤੋਂ ਡੂੰਘਾ ਉਤਾਰਦੇ ਮਹਿਸੂਸ ਹੋਏ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 'ਚ ਜਵੱਦੀ ਟਕਸਾਲ ਦਾ ਹਰ ਪਹਿਲੂ ਮੌਜੂਦਾ ਦੌਰ ਦੇ ਅਣਗੌਲੇ ਤੱਥਾਂ ਅਤੇ ਪ੍ਰਤੱਖ ਮੁਸ਼ਕਲਾਂ ਦੀ ਛਾਣਬੀਣ ਕਰਦਾ, ਅਸਲ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਜਿੰਦਾਦਿਲੀ ਤੇ ਤਰੱਕੀ ਦਾ ਜਾਮਨ ਹੋਣ ਦਾ ਪ੍ਰਤੱਖ ਸਬੂਤ, ਸਮਾਗਮ ਦੌਰਾਨ ਸਮੂਲੀਅਤ ਕਰਨ ਵਾਲਿਆਂ ਸ਼ਖਸ਼ੀਅਤਾਂ ਸੰਗਤਾਂ ਦੇ ਮੁਖਾਰਬਿੰਦੋਂ ਸਰਾਹਣਾਯੋਗ ਪੱਖ ਸੁਣਨ ਅਤੇ ਮੀਲ ਪੱਥਰ ਦੇ ਪੱਧਰ ਦਾ ਸੁਣਨ ਵਿੱਚ ਆਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸਾਬਕਾ ਹਜੂਰੀ ਕੀਰਤਨ ਭਾਈ ਰਣਧੀਰ ਸਿੰਘ ਨੇ ਪੁਰਾਤਨ ਕੀਰਤਨ ਸ਼ੈਲੀ ਵਿੱਚ ਕੀਰਤਨ ਕਰਦਿਆਂ ਭਾਈ ਬਖਸ਼ੀਸ਼ ਸਿੰਘ, ਭਾਈ ਬਲਵੀਰ ਸਿੰਘ, ਭਾਈ ਸਮੁੰਦ ਸਿੰਘ ਵਰਗੇ ਗੁਰੂ ਪ੍ਰੇਮ ਵਿੱਚ ਰੰਗੇ ਕੀਰਤਨੀਆਂ ਦੀ ਯਾਦ ਤਾਜ਼ਾ ਕਰਵਾਈ, ਉਥੇ ਸੰਗਤਾਂ ਨੂੰ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦਾ ਹਿਰਦਾ ਬੜਾ ਕੋਮਲ ਤੇ ਪਿਆਰ ਭਾਵਨਾ ਨਾਲ ਭਰਪੂਰ, ਬੜੀ ਬਲਵਾਨ ਤੇ ਵਸ਼ਿਸ਼ਟ ਪ੍ਰਤਿਭਾ ਦੇ ਮਾਲਕ ਜਵੱਦੀ ਟਕਸਾਲ ਦੇ ਸੰਸਥਾਪਕ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਸਿਰਜੇ ਸੁਫ਼ਨਿਆਂ ਨੂੰ ਸਾਕਾਰ ਕਰਦੇ ਮਹਿਸੂਸ ਹੋਏ। ਦਰ-ਅਸਲ ਉਹ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਸੰਪਰਕ 'ਚ ਆਉਣ ਅਤੇ ਉਹਨਾਂ ਦੀ ਵਿਚਾਰਧਾਰਾ ਵਿੱਚ ਰੰਗੇ ਜਾਣ ਮਗਰੋਂ, ਉਨ੍ਹਾਂ ਦੀ ਪ੍ਰਤਿਭਾ ਪੂਰਨ ਖਿੜਾਉ 'ਚ, ਆਪਣੀ ਸਿਖਰ ਤੇ ਪਹੁੰਚੀ। 33ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਸੰਗਤਾਂ ਨੂੰ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਆਰੰਭੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਾਲੀ ਵਿਚਾਰਧਾਰਾ ਦਾ ਪ੍ਰਤੱਖ ਪ੍ਰਭਾਵ ਵੇਖਣ 'ਚ ਆਇਆ। ਗੁਰੂ ਪ੍ਰੇਮ, ਗੁਰੂ ਭਗਤੀ, ਪ੍ਰਭੂ ਮਿਲਾਪ, ਪ੍ਰਭੂ ਪ੍ਰਾਪਤੀ ਦੇ ਸਾਧਨ, ਆਤਮ ਸਮਰਪਣ ਅਤੇ ਸਵੈ ਪੜਚੋਲ ਵਰਗੇ ਵਿਸ਼ੇ ਪ੍ਰਧਾਨ ਨਜ਼ਰ ਆਏ। ਕਿਤੇ ਵੀ ਰਾਜਸੀ ਦਖਲ ਦਾ ਸੰਕੇਤ ਵੀ ਨਜ਼ਰ ਨਹੀਂ ਆਇਆ।