ਐਮਪੀ ਸੰਜੀਵ ਅਰੋੜਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ; ਮੰਤਰੀ ਨੇ ਸ਼ਹਿਰ ਵਿੱਚ ਵੀਯੂਪੀ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦਾ ਦਿੱਤਾ ਭਰੋਸਾ.
ਲੁਧਿਆਣਾ, 28 ਨਵੰਬਰ (ਵਾਸੂ ਜੇਤਲੀ) : ਲੁਧਿਆਣਾ ਤੋਂ ਸੰਸਦ ਮੈਂਬਰ (ਰਾਜਸਭਾ) ਸੰਜੀਵ ਅਰੋੜਾ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਲੁਧਿਆਣਾ ਵਿੱਚ ਐਨਐਚ-44 ਨੂੰ ਪਾਰ ਕਰਨ ਵਾਲੇ ਢੰਡਾਰੀ ਰੇਲਵੇ ਸਟੇਸ਼ਨ ਤੋਂ ਇੱਕ ਵਾਹਨ ਅੰਡਰਪਾਸ (ਵੀਯੂਪੀ) ਅਤੇ ਸ਼ਹਿਰ ਵਿੱਚ ਸੱਤ ਸਥਾਨਾਂ 'ਤੇ ਵੀਯੂਪੀ /ਐਲਵੀਯੂਪੀ (ਵਾਹਨ ਅਤੇ ਹਲਕੇ ਵਾਹਨ ਅੰਡਰਪਾਸ) ਦੇ ਨਿਰਮਾਣ ਦੀ ਬੇਨਤੀ ਕੀਤੀ।
ਮੁਲਾਕਾਤ ਦੌਰਾਨ, ਅਰੋੜਾ ਨੇ ਲੁਧਿਆਣਾ ਦੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਤੋਂ ਐਨਐਚ-44 ਨੂੰ ਜਾਂਦੀ ਸੜਕ ਦੇ ਦੂਜੇ ਪਾਸੇ ਵਹੀਕਲ ਅੰਡਰਪਾਸ (ਵੀਯੂਪੀ) ਬਣਾਉਣ ਦੀ ਫੌਰੀ ਲੋੜ ਵੱਲ ਮੰਤਰੀ ਦਾ ਧਿਆਨ ਦਿਵਾਇਆ। ਉਨ੍ਹਾਂ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਮੌਜੂਦਾ ਬੁਨਿਆਦੀ ਢਾਂਚਾ ਨੇੜਲੇ ਉਦਯੋਗਿਕ ਖੇਤਰ ਤੋਂ ਵੱਡੀ ਮਾਤਰਾ ਵਿੱਚ ਮਾਲ ਦੀ ਆਵਾਜਾਈ ਨਾਲ ਸਿੱਝਣ ਲਈ ਸੰਘਰਸ਼ ਕਰ ਰਿਹਾ ਹੈ, ਜਿਸ ਕਾਰਨ ਅਕਸਰ ਟਰੈਫਿਕ ਜਾਮ ਅਤੇ ਦੁਰਘਟਨਾਵਾਂ ਹੁੰਦੀਆਂ ਹਨ। ਇਹ ਸਥਿਤੀ ਪੈਦਲ ਚੱਲਣ ਵਾਲਿਆਂ ਅਤੇ ਹੋਰ ਰਾਹਗੀਰਾਂ ਲਈ ਵੀ ਕਾਫੀ ਮੁਸ਼ਕਿਲ ਪੈਦਾ ਕਰ ਰਹੀ ਹੈ। ਇਨ੍ਹਾਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਵੀਯੂਪੀ ਦੇ ਨਿਰਮਾਣ ਲਈ ਖੇਤਰ ਦੀ ਪਛਾਣ ਕਰਨ ਅਤੇ ਨਿਸ਼ਾਨਦੇਹੀ ਕਰਨ ਦੇ ਨਿਰਦੇਸ਼ ਦੇਣ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟ ਟ੍ਰੈਫਿਕ ਭੀੜ ਨੂੰ ਕਾਫੀ ਘੱਟ ਕਰੇਗਾ, ਸੜਕ ਸੁਰੱਖਿਆ ਨੂੰ ਵਧਾਏਗਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਦੇ ਜਵਾਬ ਵਿੱਚ, ਮੰਤਰੀ ਨੇ ਅਰੋੜਾ ਦੀ ਬੇਨਤੀ 'ਤੇ ਆਪਣਾ ਹਾਂ-ਪੱਖੀ ਹੁੰਗਾਰਾ ਦਿਖਾਉਂਦੇ ਹੋਏ ਆਪਣੇ ਅਧਿਕਾਰੀਆਂ ਨੂੰ ਤੁਰੰਤ ਇੱਕ ਫਿਜੀਬਿਲਿਟੀ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਐਮਪੀ ਸੰਜੀਵ ਅਰੋੜਾ ਨੇ ਸ਼ਹਿਰ ਵਿੱਚ ਸੱਤ ਥਾਵਾਂ 'ਤੇ ਵੀਯੂਪੀ/ਐਲਵੀਯੂਪੀ ਦੇ ਨਿਰਮਾਣ ਦੇ ਮਾਮਲੇ ਨੂੰ ਇਗਜ਼ਾਮੀਨ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਲਈ ਵੀ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਮੰਤਰੀ ਨੂੰ ਯਾਦ ਦਿਵਾਇਆ ਕਿ ਇਹ ਵੀਯੂਪੀ/ਐਲਵੀਯੂਪੀ ਬਲੈਕ ਸਪਾਟਸ ਦੀ ਸੰਭਾਲ ਕਰਨ ਅਤੇ ਪੈਦਲ ਚੱਲਣ ਵਾਲਿਆਂ ਦੀ ਜਾਨ ਬਚਾਉਣ ਲਈ ਮਹੱਤਵਪੂਰਨ ਹਨ। ਐਮਪੀ ਸੰਜੀਵ ਅਰੋੜਾ ਨੇ ਜਲੰਧਰ ਬਾਈਪਾਸ, ਸੁਭਾਸ਼ ਨਗਰ ਤੋਂ ਸੁੰਦਰ ਨਗਰ ਚੌਕ, ਕੈਲਾਸ਼ ਨਗਰ ਚੌਕ, ਕਾਕੋਵਾਲ ਚੌਕ-ਸ਼ੇਖੇਵਾਲ, ਕਾਲੀ ਬਿੰਦਰਾ ਕਲੋਨੀ (ਪ੍ਰਿੰਗਲ ਗਰਾਊਂਡ), ਬਾਲ ਸਿੰਘ ਨਗਰ ਤੋਂ ਕੈਲਾਸ਼ ਨਗਰ ਅਤੇ ਜੱਸੀਆਂ ਰੋਡ ਤੋਂ ਗੁਰੂਹਰ ਰਾਏ ਨਗਰ ਵਿਖੇ ਵੀਯੂਪੀ/ਐੱਲਵੀਯੂਪੀ ਦੇ ਨਿਰਮਾਣ ਦੀ ਮੰਗ ਕੀਤੀ। ਉਨ੍ਹਾਂ ਕੁਝ ਮਹੀਨੇ ਪਹਿਲਾਂ ਮੰਤਰੀ ਕੋਲ ਇਹ ਮੁੱਦਾ ਉਠਾਇਆ ਸੀ ਜਦੋਂ ਸਥਾਨਕ ਵਿਧਾਇਕਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਵਾਧੂ ਵੀਯੂਪੀ/ਐਲਵੀਯੂਪੀ ਦੀ ਸਖ਼ਤ ਲੋੜ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੱਤ ਥਾਵਾਂ 'ਤੇ ਵੀਯੂਪੀ/ਐਲਵੀਯੂਪੀ ਬਣਾਉਣ ਲਈ ਕੀਤੀ ਗਈ ਬੇਨਤੀ ਦੇ ਸਬੰਧ ਵਿੱਚ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਐਮਪੀ ਸੰਜੀਵ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਦੋਵਾਂ ਮੰਗਾਂ 'ਤੇ ਪੂਰਾ ਧਿਆਨ ਦੇਣ ਤੋਂ ਬਾਅਦ ਆਮ ਲੋਕਾਂ ਅਤੇ ਇੰਡਸਟਰੀ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਉਨ੍ਹਾਂ ਦੀਆਂ ਬੇਨਤੀਆਂ ਨੂੰ ਸਵੀਕਾਰ ਕਰਕੇ ਹਾਂ-ਪੱਖੀ ਹੁੰਗਾਰਾ ਦਿਖਾਉਣ ਲਈ ਮੰਤਰੀ ਦਾ ਧੰਨਵਾਦ ਕੀਤਾ।