ਗੁ: ਗਿਆਨ ਪ੍ਰਕਾਸ਼ 'ਜਵੱਦੀ ਟਕਸਾਲ' ਵਿਖੇ 33 ਵੇਂ "ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਦੀ ਹੋਈ ਆਰੰਭਤਾ.

 

ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸੀਤਲਤਾ ਦਾ ਸੋਮਾ, ਜਿੱਥੇ ਤਪਦੇ ਹਿਰਦਿਆਂ ਨੂੰ ਠਾਰ ਮਿਲਦੀ ਹੈ- ਸਿੰਘ ਸਾਹਿਬ ਬਲਜੀਤ ਸਿੰਘ 


ਲੁਧਿਆਣਾ 28 ਨਵੰਬਰ (ਪ੍ਰਿਤਪਾਲ ਸਿੰਘ ਪਾਲੀ) - ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਤਾ ਗੱਦੀ ਦਿਵਸ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਰੰਭੇ ਕਾਰਜਾਂ ਨੂੰ ਦ੍ਰਿੜ੍ਹਤਾ ਨਾਲ ਨਿਰੰਤਰ ਨਿਭਾਅ ਰਹੇ, ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਅਤੇ ਸ਼ਰਧਾ ਭਾਵਨਾ ਨਾਲ 33 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸਦੀ ਆਰੰਭਤਾ ਦੀ ਅਰਦਾਸ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਕੀਤੀ। ਗੁਰੂ ਸਾਹਿਬ ਜੀ ਦੇ ਹੁਕਮਨਾਮੇ ਉਪਰੰਤ ਗੁਰਮਤਿ ਸੰਗੀਤ ਦੇ ਪਹਿਲੇ ਕੀਰਤਨੀਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ 54 ਸਾਲ ਰਬਾਬ ਵਜਾਉਣ ਵਾਲੇ ਭਾਈ ਮਰਦਾਨਾ ਜੀ ਦੇ ਅਕਾਲ ਚਲਣਾ ਦਿਵਸ ਦਾ ਹਵਾਲਾ ਦਿੰਦਿਆਂ ਸਿੰਘ ਸਾਹਿਬ ਜੀ ਨੇ ਕਿਹਾ "ਭਾਈ ਮਰਦਾਨਾ ਜੀ" ਕੀਰਤਨ ਜਗਤ ਦੇ ਪ੍ਰੇਰਨਾ ਸਰੋਤ ਅਤੇ  ਗੁਰਮਤਿ ਸੰਗੀਤ ਦੇ ਪਹਿਲੇ ਕੀਰਤਨੀਏ ਸਨ। "ਜਵੱਦੀ ਟਕਸਾਲ" ਦਾ ਹਰ ਕਾਰਜ ਵਕਤ ਅਤੇ ਭਵਿੱਖ ਦੀਆਂ ਲੋੜਾਂ ਮੁਤਾਬਕ ਹਰ ਪੱਖ ਤੋਂ ਵਿਉਤਬੰਦੀ ਨਾਲ ਕੀਤਾ ਜਾਂਦਾ ਹੈ। ਆਪਣੇ ਜੀਵਨ ਨੂੰ ਪੰਥਕ ਸੇਵਾਵਾਂ ਅਤੇ ਕੌਮੀ ਫਰਜ਼ ਨਿਭਾਉਂਦਿਆਂ ਸਫਲ ਜੀਵਨ ਯਾਤਰਾ ਕਰਕੇ ਜਾਣ ਵਾਲੇ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਵਕਤ ਦੀਆਂ ਮੁਸ਼ਕਲਾਂ ਅਤੇ ਭਵਿੱਖ ਦੀਆਂ ਵੰਗਾਰਾਂ/ਚਣੌਤੀਆਂ ਨੂੰ ਸਮਝਦਿਆਂ ਗੁਰੂ ਸਾਹਿਬਾਨਾਂ ਵੇਲੇ ਵਾਂਗ ਕਿਤੇ ਜਾਂਦੇ ਗੁਰਬਾਣੀ ਕੀਰਤਨ ਨੂੰ, ਪੁਰਾਤਨ ਕੀਰਤਨ ਸ਼ੈਲੀ ਨੂੰ ਮੁੜ ਸੰਗਤਾਂ ਵਿਚ ਲਾਗੂ ਕਰਵਾਉਣ ਲਈ, "ਗੁਰਮਤਿ ਸੰਗੀਤ" ਲਈ ਵੱਡੀ ਘਾਲਣਾ ਕੀਤੀ। ਉਸ ਘਾਲਣਾ ਵਿਚੋਂ "ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਇਕ ਅਹਿਮ ਕੌਮੀ ਕਾਰਜ ਹੈ। ਜਿਸ ਵਿਚ ਗੁਰਬਾਣੀ ਸ਼ਬਦ ਦੀ ਵਿਚਾਰ ਹੁੰਦੀ ਹੈ, ਗੁਰਬਾਣੀ ਸ਼ਬਦ ਦਾ ਕੀਰਤਨ ਹੁੰਦਾ ਹੈ। ਕਲਜੁਗ ਦੇ ਤਪਸ ਭਰੇ ਮਾਰੂ ਪ੍ਰਭਾਵਾਂ ਦੇ ਬਚਾਅ ਲਈ ਗੁਰਬਾਣੀ ਦੀ ਠੰਡਕ ਬਚਾਅ ਪੱਖ 'ਚ ਅਸਰ ਕਰਦੀ ਹੈ। ਸਿੰਘ ਸਾਹਿਬ ਨੇ ਸੰਸਾਰ ਦੇ ਹਾਲਾਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਸੰਸਾਰ ਵਿਕਾਰਾਂ ਦੀ ਭੱਠੀ ਵਾਂਗ ਬਲ ਰਿਹਾ ਹੈ, ਤਾਂ "ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਵਰਗੇ ਸਮਾਗਮਾਂ ਵਿਚੋਂ ਗੁਰਬਾਣੀ ਕੀਰਤਨ ਸਤਿਸੰਗ ਰੂਪੀ ਸੀਤਲ ਸੋਮੇ ਤੋਂ ਤਪਦੇ ਹਿਰਦਿਆਂ ਨੂੰ ਠਾਰ ਮਿਲਦੀ ਹੈ।  ਗੁਰਮਤਿ ਸੰਗੀਤ ਤੋਂ ਭੁੱਲੇ-ਭਟਕਿਆਂ ਨੂੰ ਸਹੀ ਰਾਹ ਵਿਖਾਈ ਦੇਣ ਲਗਦਾ ਹੈ, ਅਤੇ  ਗੁਰੂ ਨਾਲ ਪਛਾਣ ਬਣਾਦੀ ਹੈ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸਿੰਘ ਸਾਹਿਬ ਅਤੇ ਪੁੱਜੀਆਂ ਸੰਗਤਾਂ ਨੂੰ ਸੁਆਗਤੀ ਬੋਲਾਂ, ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਮੰਤਵ ਅਤੇ ਉਦੇਸ਼ ਵਿਸ਼ਿਆਂ ਤੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਜੀਵਨ ਅਤੇ "ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਨਾਲ ਸੰਬੰਧਿਤ ਕੁਝ ਯਾਦਾਂ ਨੂੰ ਸਾਂਝਾ ਕੀਤਾ, ਉਨ੍ਹਾ ਭਾਈ ਮਰਦਾਨਾ ਜੀ ਦੇ ਅਕਾਲ ਚਲਣਾ ਦਿਵਸ ਅਤੇ ਅੱਜ ਦੇ ਸਮਾਗਮ ਸਬੰਧੀ ਦਸਿਆ ਕਿ ਆਰੰਭਤਾ ਦੀ ਅਰਦਾਸ ਤੋਂ ਪਹਿਲਾਂ ਗਿਆਨੀ ਜਸਵਿੰਦਰ ਸਿੰਘ ਜਵੱਦੀ ਟਕਸਾਲ ਦੇ ਵਿਦਿਆਰਥੀ ਗਿਆਨੀ ਜਸਵਿੰਦਰ ਸਿੰਘ ਨੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਨੇ ਭਾਈ ਕਮਲਜੋਤ ਸਿੰਘ ਨੇ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ। ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀ ਭਾਈ ਸਿਮਰਜੀਤ ਸਿੰਘ ਅਤੇ ਸਾਥੀਆਂ ਵਲੋਂ ਆਰਤੀ ਅਤੇ ਕਲਿਆਣ ਰਾਗ,  ਭਾਈ ਕੰਵਲਪਾਲ ਸਿੰਘ ਦੇਹਰਾਦੂਨ ਦੇ ਜਥੇ ਵੱਲੋਂ ਸਿਰੀ ਅਤੇ ਮਾਝ ਰਗ, ਭਾਈ ਸਤਿੰਦਰ ਸਿੰਘ ਸਾਰੰਗ ਦੇ ਜਥੇ ਵੱਲੋ ਗਉੜੀ ਗੁਆਰੇਰੀ ਅਤੇ ਸੋਰਠ ਰਾਗ, ਭਾਈ ਗੁਰਮੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਥੇ ਵੱਲੋਂ ਗਉੜੀ ਮਾਝ ਅਤੇ ਨਟ ਨਾਰਾਇਣ, ਭਾਈ ਸਤਵਿੰਦਰ ਸਿੰਘ ਬੋਦਲ ਦੇ ਜਥੇ ਵੱਲੋਂ ਗਉੜੀ ਪੂਰਬੀ ਅਤੇ ਬਿਹਾਗੜਾ ਰਾਗਾਂ ਵਿੱਚ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਖਬਰਾਂ ਲਿਖੇ ਜਾਣ ਵੇਲੇ ਸੰਗਤਾਂ "ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਵਿਚ ਸਮੂਲੀਅਤ ਕਰਕੇ ਨਿਰਧਾਰਤ ਰਾਗਾਂ ਵਿੱਚ ਹੁੰਦੇ ਕੀਰਤਨ ਨੂੰ ਸਰਵਣ ਕਰਨ ਲਈ ਹੁਮ-ਹੁਮਾ ਕੇ ਪੁੱਜ ਰਹੀਆਂ ਸਨ।