33 ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 'ਚ ਸੰਗਤਾਂ ਵਲੋਂ ਕੀਰਤਨ ਸਰਵਣ ਕਰਨ ਦੇ ਨਾਲ-ਨਾਲ ਤੰਤੀ ਸਾਜ਼ਾਂ ਸਬੰਧੀ ਜਾਣਕਾਰੀ ਲੈਣ ਲਈ ਵੀ ਉਤਸ਼ਾਹ ਵੇਖਣ 'ਚ ਆਇਆ.


ਗੁਰਮਤਿ ਸੰਗੀਤ ਦੇ ਧਨੀ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ

ਲੁਧਿਆਣਾ 29 ਨਵੰਬਰ ( ਪ੍ਰਿਤਪਾਲ ਸਿੰਘ ਪਾਲੀ ) -- ਅਲੋਪ ਹੁੰਦੇ ਜਾ ਰਹੇ ਕੀਰਤਨ ਵਿਰਸੇ ਨੂੰ ਸੰਭਾਲਣ ਅਤੇ ਪੁਰਾਤਨ ਗੁਰਮਤਿ ਸੰਗੀਤ ਕੀਰਤਨ ਸ਼ੈਲੀ ਨੂੰ ਮੁੜ੍ਹ ਸੁਰਜੀਤ ਕਰਨ ਲਈ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ "ਜਵੱਦੀ ਟਕਸਾਲ" ਦੀ ਸਿਰਜਨਾ ਕਰਕੇ "ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਆਰੰਭ ਕਰਨਾ ਬਹੁਤ ਹੀ ਸ਼ਲਾਘਾਯੋਗ ਉੱਦਮ ਸੀ। ਅਜੋਕੇ ਸਮੇਂ ਵਿਚ ਮਹਾਂਪੁਰਸ਼ਾਂ ਦੇ ਜਾਨਸ਼ੀਨ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਸਬਤਕਦਮੀ ਨਾਲ ਮਹਾਂਪੁਰਸ਼ਾਂ ਵਲੋਂ ਅਰੰਭੇ ਕਾਰਜਾਂ ਲਈ ਨਿਰੰਤਰ ਕਾਰਜਸ਼ੀਲ ਹਨ।
ਬੀਤੀ ਸ਼ਾਮ ਤੋਂ ਆਰੰਭ ਹੋਏ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਦੀ ਆਮਦ ਵੇਖਣ 'ਚ ਆਈ, ਉਥੇ ਸੰਗਤਾਂ ਦੀ ਤੰਤੀ ਸਾਜ਼ਾਂ ਸਬੰਧੀ ਜਾਣਕਾਰੀ ਲੈਣ ਲਈ ਵੀ ਉਤਸ਼ਾਹ ਵੇਖਣ 'ਚ ਆਇਆ। ਦੱਸਣਾ ਬਣਦਾ ਹੈ ਕਿ ਮਹਾਂਪੁਰਸ਼ਾਂ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਾਲੇ ਸਮਾਗਮ ਦੇ ਸਨਮੁੱਖ ਰਬਾਬ, ਦਿਲਰੁਬਾ ਆਦਿ  ਤੰਤੀ ਸਾਜ਼ਾਂ ਨੂੰ ਸਨਮਾਨ ਨਾਲ ਪ੍ਰਦਰਸ਼ਨ ਕਰਕੇ ਸੰਗਤਾਂ ਨੂੰ  ਉਨ੍ਹਾਂ ਦੀ ਜਾਣਕਾਰੀ ਦੇਣ ਦਾ ਵੀ ਵਿਸ਼ੇਸ਼ ਉਪਰਾਲਾ ਕੀਤਾ ਹੋਇਆ ਹੈ। ਕੱਲ ਆਰੰਭ ਹੋਏ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਤੰਤੀ ਸਾਜ਼ਾਂ ਦੀ ਟੁਣਕਾਰ ਨਾਲ ਅਜਿਹਾ ਅਲੌਕਿਕ ਸਮਾਂ ਬੱਝਿਆ ਕਿ ਸਰੋਤੇ ਵਿਸਮਾਦ ਵਿਚ ਆ ਕੇ ਪਰਮਾਤਮਾ ਦੇ ਧਿਆਨ ਵਿੱਚ ਲੀਨ ਹੋਏ। ਜੁੜੀਆਂ ਸੰਗਤਾਂ ਵਿਚ ਗਿਆਨੀ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦਿਆ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁੱਧ ਰਾਗਾਂ ਪੁਰਾਤਨ ਰੀਤਾਂ ਬੰਦਿਸ਼ਾਂ ਤਾਲਾ ਛੰਤਾਂ ਵਾਰਾਂ ਅਲਾਹੁਣੀਆਂ ਭਾਵ ਹਰੇਕ ਸੰਗੀਤਕ ਵੰਨਗੀ ਦਾ ਬੇਜੋੜ ਖਜਨਾ ਹੈ। ਜਦੋਂ ਦਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਆਰੰਭ ਹੋਇਆ ਉਸ ਵੇਲੇ ਤੋਂ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਨੂੰ ਪੁਰਾਤਨ ਰਾਗੀ, ਫਰੋਦਸਤ, ਦੀਪਚੰਦੀ, ਆੜਾ ਚੌਤਾਲ, ਇਕ ਤਾਲ, ਪੜਤਾਲ, ਧਰੂਪਦ, ਧਮਾਰ ਆਦਿ ਬਿਖੜੇ ਤਾਲਾਂ ਦੀ ਵਰਤੋਂ ਨਾਲ ਸਮਾਂ ਸਫਲ ਹੁੰਦਾ ਆਇਆ ਹੈ। ਕੀਰਤਨ ਦੇ ਚਾਰੇ ਅੰਗਾਂ ਸ਼ਾਨ, ਵਿਲੰਬਤ ਵਿਚ ਮੰਗਲਾਚਰਨ, ਸਮੇਂ ਦੇ ਰਾਗ ਤੇ ਪੁਰਾਤਨ ਬੰਦਸ਼ਾਂ ਦੇ ਗਾਇਨ ਹੁੰਦੇ ਨੇ, ਕੀਰਤਨ ਨੂੰ ਸਰਵਣ ਕਰਨ ਦਾ ਸੁਭਾਗ ਅਵਸਰ ਨਸੀਬ ਹੁੰਦਾ ਹੈ। ਸੰਗਤਾਂ ਵਿੱਚ ਗੁਰਮਤਿ ਸੰਗੀਤ ਪ੍ਰਤੀ ਜਾਗ੍ਰਤੀ ਪੈਦਾ ਹੋਈ ਹੈ। ਸੰਤ ਬਾਬਾ ਅਮੀਰ ਸਿੰਘ ਜੀ ਨੇ ਬੀਤੇ ਕੱਲ ਗੁਰਮਤਿ ਸੰਗੀਤ ਦੇ ਧਨੀ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਇਵਸ਼ੇਸ਼ ਸਨਮਾਨਿਤ ਕੀਤਾ। ਉਨ੍ਹਾਂ ਜਵੱਦੀ ਟਕਸਾਲ ਵਲੋਂ ਧਰਮ ਖੇਤਰ ਖਾਸ ਕਰਕੇ ਗੁਰਮਤਿ ਸੰਗੀਤ ਲਈ ਨਿਭਾਈਆਂ ਜਾਂਦੀਆਂ ਸੇਵਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ "ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਵਿਚ ਸ਼ੁੱਧ ਰਾਗਾਂ ਵਿਚ ਕਿਤੇ ਜਾਂਦੇ ਕੀਰਤਨ ਨੂੰ ਸੰਗਤ ਭੁੱਲ ਨਹੀਂ ਸਕਦੀਆਂ।
ਅੱਜ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਦੂਜੇ ਦਿਨ ਦੀ ਆਰੰਭਤਾ ਦੌਰਾਨ ਗਿਆਨੀ ਸੰਦੀਪ ਸਿੰਘ ਜੀ ਜਵੱਦੀ ਟਕਸਾਲ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਭਾਈ ਸਤਨਾਮ ਸਿੰਘ ਨੇ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ। ਖਬਰ ਲਿਖੇ ਜਾਣ ਤੱਕ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਸਮੂਲੀਅਤ ਕਰਨ ਲਈ ਪੁਰਾਤਨ ਕੀਰਤਨ ਪ੍ਰੰਪਰਾ ਤੇ ਪਹਿਰਾ ਦੇਣ ਵਾਲੀਆਂ ਸੰਗਤਾਂ ਜੁੜ ਰਹੀਆਂ ਸਨ। ਸਟੇਜ ਸੰਚਾਲਕ ਗਿਆਨੀ ਗੁਰਵਿੰਦਰ ਸਿੰਘ ਦੇ ਦੱਸੇ ਅਨੁਸਾਰ ਦੇਰ ਰਾਤ ਤੱਕ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀ ਭਾਈ ਮਲਕੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਆਰਤੀ ਜੈਜਾਵੰਤੀ, ਭਾਈ ਸੁਖਜੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਥੇ ਵਲੋਂ ਜੈਤਸਰੀ ਅਤੇ ਨਟ, ਡਾਕਟਰ ਅਲੰਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੱਥੇ ਵਲੋਂ ਸਿਰੀ ਤੇ ਕਲਿਆਣ ਭੋਪਾਲੀ, ਭਾਈ ਭੁਪਿੰਦਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਥੇ ਵਲੋਂ ਆਸਾ ਕਾਫੀ ਤੇ ਕਾਨੜਾ ਪੜਤਾਲ ਅਤੇ ਭਾਈ ਕਮਲਜੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਥੇ ਵੱਲੋਂ ਸੋਰਠਿ ਤੇ ਕੇਦਾਰਾ ਆਦਿ ਰਾਗਾਂ ਪੜਤਾਲਾਂ ਵਿਚ ਗੁਰਬਾਣੀ ਸ਼ਬਦਾਂ ਦੇ ਕੀਰਤਨ ਕਰਨਗੇ। ਮਹਾਂਪੁਰਸ਼ਾਂ ਦੇ ਆਦੇਸ਼ਾ ਅਨੁਸਾਰ ਜਵੱਦੀ ਟਕਸਾਲ ਵਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੌਰਾਨ ਪੁੱਜਣ ਵਲੀਆਂ ਸੰਗਤਾਂ ਦੀ ਸਹੂਲਤ ਲਈ  ਪਾਰਕਿੰਗ, ਰਿਹਾਇਸ਼, ਲੰਗਰ ਅਤੇ ਸਿਹਤ ਸੇਵਾਵਾਂ ਦਾ ਉਚੇਚੇ ਪ੍ਰਬੰਧ ਕੀਤਾ ਗਿਆ ਹੈ।